-ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ ਪਰ ਪੀਐਮ ਨੇਤਾਨਯਾਹੂ ਨੇ ਕਿਹਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਇਸਰਾਈਲ ਪੁਲਿਸ ਨੇ ਜਾਂਚ ਤੋਂ ਬਾਅਦ ਸਿਫ਼ਾਰਿਸ਼ ਕੀਤੀ ਹੈ ਕਿ ਨੇਤਾਨਯਾਹੂ ਨੂੰ ਕਥਿਤ ਰੂਪ ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਕੇਸ ਚਲਾਏ ਜਾਣ।
ਦਰਅਸਲ ਬੈਂਜਾਮਿਨ ਨੇਤਾਨਯਾਹੂ ਉੱਤੇ ਹਾਲੀਵੁੱਡ ਨਿਰਮਾਤਾ ਆਰਨਾਨ ਮਿਲਕੈਨ ਤੋਂ ਰਿਸ਼ਵਤ ਲੈਣ ਅਤੇ ਇਸਰਾਈਲ ਦੇ ਪ੍ਰਮੁੱਖ ਅਖ਼ਬਾਰ ਨੂੰ ਫ਼ਾਇਦਾ ਪਹੁੰਚਾਉਣ ਦਾ ਇਲਜ਼ਾਮ ਹੈ। ਇਸਰਾਈਲ ਪੁਲਿਸ ਨੇ ਇਨ੍ਹਾਂ ਦੋ ਮਾਮਲਿਆਂ ਵਿੱਚ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਤਹਿਤ ਕੇਸ ਕਰਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।
ਹੁਣ ਅਟਾਰਨੀ ਜਨਰਲ ਤਹਿ ਕਰੇਗਾ ਕਿ ਨੇਤਾਨਯਾਹੂ ਉੱਤੇ ਕੇਸ ਚਲਾਉਣਾ ਹੈ ਜਾਂ ਨਹੀਂ। ਕੇਸ ਦੀ ਸਿਫ਼ਾਰਿਸ਼ ਦੇ ਬਾਅਦ ਪੀ ਐੱਮ ਪੁਲਿਸ ਉੱਤੇ ਟੁੱਟ ਕੇ ਪਏ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਕਰੀਬ 15 ਮਾਮਲਿਆਂ ਵਿੱਚ ਉਸ ਉੱਪਰ ਜਾਂਚ ਚੱਲ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚੋਂ ਕੁੱਝ ਨਹੀਂ ਨਿਕਲਿਆ। ਇਸ ਮਾਮਲੇ ਵਿੱਚ ਵੀ ਕੁੱਝ ਨਹੀਂ ਹੋਣਾ। ਪੀ ਐੱਮ ਨੇ ਸਾਫ਼ ਕੀਤਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ ਅਤੇ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਰਹਿਣਗੇ।
ਉੱਥੇ ਕਾਨੂੰਨ ਮੰਤਰੀ ਆਇਲੇਤ ਸ਼ਾਕੇਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੂੰ ਜਿਹੜੇ ਅਪਰਾਧਾਂ ਦੇ ਤਹਿਤ ਮੁਲਜ਼ਮ ਦੱਸਿਆ ਗਿਆ ਹੈ ਉਨ੍ਹਾਂ ਵਿੱਚ ਅਸਤੀਫ਼ਾ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।