ਬੀਜਿੰਗ- ਚੀਨ ਨੇ ਕਿਹਾ ਹੈ ਕਿ ਉਸ ਦਾ ਸਟੀਲਥ ਫਾਈਟਰ ਪਲੇਨ ਜੇ-20 ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਹੁਣ ਉਹ ਜੰਗੀ ਸਰਗਰਮੀਆਂ ਲੈਣ ਲਈ ਤਿਆਰ ਹੈ। ਚੌਥੀ ਪੀੜ੍ਹੀ ਦੇ ਇਸ ਲੜਾਕੂ ਜਹਾਜ਼ ਨੂੰ ਅਮਰੀਕੀ ਐਫ-22 ਅਤੇ ਐਫ-35 ਜਹਾਜ਼ਾਂ ਦਾ ਚੀਨੀ ਜਵਾਬ ਮੰਨਿਆ ਜਾ ਰਿਹਾ ਹੈ।
ਮਾਹਰਾਂ ਦੇ ਮੁਤਾਬਕ ਜੇ-20 ਦੋ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦੇ ਯੋਗ ਹੈ। ਇਸ ਨਾਲ ਹਵਾ ‘ਚ ਜੰਗ ਲੜੀ ਜਾ ਸਕੇਗੀ ਅਤੇ ਅਸਮਾਨ ਤੋਂ ਜ਼ਮੀਨ ‘ਤੇ ਹਮਲਾ ਕੀਤਾ ਜਾ ਸਕੇਗਾ। ਸਟੀਲਥ ਜਹਾਜ਼ ਨੂੰ ਰਡਾਰ ਤੋਂ ਫੜਨ ‘ਚ ਮੁਸ਼ਕਿਲ ਆਉਂਦੀ ਹੈ, ਇਸ ਲਈ ਉਹ ਦੁਸ਼ਮਣ ਨੂੰ ਨਜ਼ਰ ਆਏ ਬਿਨਾਂ ਚਕਮਾ ਦਿੰਦੇ ਹੋਏ ਟੀਚਿਆਂ ਉੱਤੇ ਹਮਲਾ ਕਰ ਸਕਦਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੀ ਏਅਰ ਫੋਰਸ ਬਰਾਂਚ ਦੇ ਬੁਲਾਰੇ ਸ਼ੇਨ ਜਿੰਕੇ ਦੇ ਮੁਤਾਬਕ ਨਵਾਂ ਸਟੀਲਥ ਜਹਾਜ਼ ਚੀਨ ਦੀ ਖੁਦਮੁਖਤਾਰੀ ਦੀ ਰੱਖਿਆ ਦੀ ਤਾਕਤ ‘ਚ ਵਾਧਾ ਕਰੇਗਾ।

ਸਾਲ 2017 ‘ਚ ਚੀਨੀ ਮਾਹਰਾਂ ਨੇ ਹਾਲਾਤ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਿਪੋਰਟ ਦਿੱਤੀ ਸੀ ਕਿ ਜੇ-20 ਨੂੰ ਦੁਸ਼ਮਣ ਦੀਆਂ ਹਵਾਈ ਪੱਟੀਆਂ ਅਤੇ ਅਹਿਮ ਫੌਜੀ ਟਿਕਾਣਿਆਂ ‘ਤੇ ਹਮਲੇ ਲਈ ਵਰਤਿਆ ਜਾ ਸਕਦਾ ਹੈ। ਇਸ ‘ਚ ਲੰਬੀ ਦੂਰੀ ਦੀ ਹਵਾ ਤੋਂ ਹਵਾ ਮਾਰ ਕਰ ਸਕਦੀਆਂ ਮਿਜ਼ਾਈਲਾਂ ਫਿੱਟ ਕਰ ਦਿੱਤੀਆਂ ਜਾਣ ਤਾਂ ਇਹ ਅਮਰੀਕਾ ਦੀ ਹਵਾਈ ਤਾਕਤ ਲਈ ਵੀ ਚੁਣੌਤੀ ਬਣ ਸਕਦਾ ਹੈ। ਇਸ ਨਾਲ ਅਮਰੀਕਾ ਦੇ ਰਿਫਿਊਲਿੰਗ ਟੈਂਕਰਾਂ ਅਤੇ ਅਰਲੀ ਵਾਰਨਿੰਗ ਪਲੇਨ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਚੀਨ ਦੇ ਰੱਖਿਆ ਮਾਹਰ ਸੋਂਗ ਜੋਂਗਪਿੰਗ ਮੁਤਾਬਕ ਜੇ-20 ਚੀਨ ਨੂੰ ਅਸਮਾਨ ‘ਚ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਜਵਾਬ ਦੇਣ ਦਾ ਖਾਸ ਜੰਤਰ ਬਣ ਸਕਦਾ ਹੈ। ਜੋਂਗਪਿੰਗ ਨੇ ਦਾਅਵਾ ਕੀਤਾ ਹੈ ਕਿ ਜੇ-20 ਦੀ ਆਮਦ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਹਵਾਈ ਤਾਕਤ ਦਾ ਨਵਾਂ ਸੰਤੁਲਨ ਕਾਇਮ ਕਰੇਗੀ। ਹਾਲੇ ਤੱਕ ਇਲਾਕੇ ‘ਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਜਾਪਾਨ ਕੋਲ ਹੀ ਸਟੀਲਥ ਫਾਈਟਰ ਪਲੇਨ ਦੀ ਤਾਕਤ ਸੀ, ਪਰ ਹੁਣ ਚੀਨ ਵੀ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਅਸਮਾਨ ‘ਚ ਹੈ।

ਸੰਨ 2011 ‘ਚ ਚੀਨ ਨੇ ਹਾਂਗਕਾਂਗ ਦੇ ਨਜ਼ਦੀਕ ਝੂਹਾਈ ਵਿੱਚ ਹੋਏ ਅੰਤਰਰਾਸ਼ਟਰੀ ਹਵਾਬਾਜ਼ੀ ਪ੍ਰਦਰਸ਼ਨੀ ‘ਚ ਇਸ ਲੜਾਕੂ ਜਹਾਜ਼ ਨੂੰ ਜਨਤਕ ਰੂਪ ਨਾਲ ਉਡਾਇਆ ਗਿਆ।