ਦੀਪ ਸਿੱਧੂ ਵੱਲੋਂ ਨਵੀਂ ਜਥੇਬੰਦੀ ਬਣਾ ਕੇ ਵੱਡਾ ਐਲਾਨ
ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਅਦਕਾਰ ਦੀਪ ਸਿੱਧੂ ਨੇ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਜਥੇਬੰਦੀ ਸਿਆਸੀ ਨਾ ਹੋ ਕੇ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਕਰੇਗੀ।
ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਅਦਕਾਰ ਦੀਪ ਸਿੱਧੂ ਨੇ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਜਥੇਬੰਦੀ ਸਿਆਸੀ ਨਾ ਹੋ ਕੇ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਕਰੇਗੀ। ਉਨ੍ਹਾਂ ਖੁਦ ਚੋਣ ਨਾ ਲੜਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਜਥੇਬੰਦੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪੰਜਾਬ ਪੱਖੀ ਪਾਰਟੀ ਦੀ ਹਮਾਇਤ ਕਰ ਸਕਦੀ ਹੈ।
ਦੱਸ ਦਈਏ ਕਿ ਕਿਸਾਨ ਸੰਘਰਸ਼ ਦੌਰਾਨ ਅਦਕਾਰ ਦੀਪ ਸਿੱਧੂ ਨੌਜਵਾਨਾਂ ਵਿੱਚ ਕਾਫੀ ਹਰਮਨਪਿਆਰੇ ਲੀਡਰ ਵਜੋਂ ਉੱਭਰੇ ਸੀ। ਦਿੱਲੀ ਵਿੱਚ 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਮਗਰੋਂ ਉਹ ਵਿਵਾਦਾਂ ਵਿੱਚ ਘਿਰ ਗਏ ਸੀ। ਕਿਸਾਨ ਜਥੇਬੰਦੀਆਂ ਨੇ ਵੀ ਉਨ੍ਹਾਂ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ। ਉਨ੍ਹਾਂ ਉਪਰ ਮਕੱਦਮੇ ਵੀ ਦਰਜਾ ਹੋਏ ਹਨ ਤੇ ਇਸ ਵੇਲੇ ਉਹ ਜ਼ਮਾਨਤ 'ਤੇ ਬਾਹਰ ਹਨ।
ਦੀਪ ਸਿੱਧੂ ਨੇ ਹੁਣ ਪੰਜਾਬ ਦੇ ਹਿੱਤਾਂ ਲਈ ਪਹਿਰਾ ਦੇਣ ਦਾ ਹੋਕਾ ਦਿੰਦਿਆਂ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਲੋਕਾਂ ਨੂੰ ਧਰਮ ਤੇ ਜਾਤ ਦੇ ਆਧਾਰ ’ਤੇ ਵੰਡਣ ਲੱਗੀਆਂ ਹਨ ਜਦੋਂਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਰਾਜਨੀਤਕ ਨਾ ਹੋ ਕੇ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਜਥੇਬੰਦੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪੰਜਾਬ ਪੱਖੀ ਪਾਰਟੀ ਦੀ ਹਮਾਇਤ ਕਰ ਸਕਦੀ ਹੈ।
ਸਿੱਧੂ ਨੇ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਨਿੱਜੀ ਹਿੱਤ ਪੂਰੇ ਕਰਨ ਲਈ ਲੋਕ ਵਿਰੋਧੀ ਕਾਨੂੰਨ ਤਿਆਰ ਕਰ ਰਹੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਰਾਜਾਂ ਦੀ ਖੁਦਮੁਖਤਿਆਰੀ ਤੇ ਮੂਲ ਹੱਕਾਂ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਸਿੱਧੂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜ ਰਿਹਾ ਹੈ, ਭਵਿੱਖ ਵਿੱਚ ਵੀ ਇਹ ਲੜਾਈ ਜਾਰੀ ਰਹੇਗੀ। ਇਸ ਮੌਕੇ ਜੱਗੀ ਬਾਬਾ, ਜੁਗਰਾਜ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ ਭਾਨਾ, ਸੁਖਰਾਜ ਸਿੰਘ ਵੀ ਹਾਜ਼ਰ ਰਹੇ।