ਨਵੀਂ ਦਿੱਲੀ: ਅੰਡਰਵਰਲਡ ਸਰਗਨਾ ਦਾਊਦ ਇਬਰਾਹਿਮ ਦੇ ਕਰੀਬੀ ਏਜਾਜ਼ ਲਕੜਾਵਾਲਾ ਵੀ ਗ੍ਰਿਫ਼ਤਾਰ ਹੋ ਗਿਆ ਹੈ। ਉਸ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਏਜਾਜ਼ ਪਿਛਲੇ ਕਈ ਸਾਲਾਂ ਤੋਂ ਫਰਾਰ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਲੱਕੜਾਵਾਲਾ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਲੈ ਗਈ ਹੈ। ਪੁਲਿਸ ਨੇ ਲੱਕੜਾਵਾਲਾ ਨੂੰ ਅਦਾਲਤ 'ਚ ਪੇਸ਼ ਕੀਤਾ। ਪੇਸ਼ੀ ਤੋਂ ਬਾਅਦ ਅਦਾਲਤ ਨੇ ਉਸ ਨੂੰ 21 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਸੂਤਰਾਂ ਮੁਤਾਬਕ ਦਾਊਦ ਇਬਰਾਹਿਮ, ਲੱਕੜਾਵਾਲਾ ਤੋਂ ਨਾਰਾਜ਼ ਸੀ ਕਿਉਂਕਿ ਉਸ ਨੇ ਛੋਟਾ ਰਾਜਨ ਨਾਲ ਹੱਥ ਮਿਲਾ ਲਿਆ ਸੀ। ਇਸ ਤੋਂ ਪਹਿਲਾਂ, ਏਜਾਜ਼ ਲੱਕੜਾਵਾਲਾ ਦੀ ਧੀ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਲੱਕੜਾਵਾਲਾ ਦੀ ਧੀ ਨੂੰ ਜਾਅਲੀ ਪਾਸਪੋਰਟ 'ਤੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੌਣ ਹੈ ਲੱਕੜਾਵਾਲਾ:
ਏਜਾਜ਼ ਲੱਕੜਾਵਾਲਾ ਮੁੰਬਈ 'ਚ ਇੱਕ ਗੈਂਗਸਟਰ ਸੀ। ਸਾਲ 2003 'ਚ ਇੱਕ ਅਫਵਾਹ ਸੀ ਕਿ ਉਹ ਬੈਂਕਾਕ 'ਚ ਦਾਊਦ ਗਰੋਹ ਦੇ ਹਮਲੇ 'ਚ ਮਾਰਿਆ ਗਿਆ। ਜਦਕਿ ਲੱਕੜਾਵਾਲਾ ਹਮਲੇ ਤੋਂ ਬਚ ਗਿਆ। ਹਮਲੇ ਤੋਂ ਬਾਅਦ ਗੈਗਸਟਰ ਲੱਕੜਾਵਾਲਾ ਬੈਂਕਾਕ ਤੋਂ ਕਨੈਡਾ ਚਲਾ ਗਿਆ ਤੇ ਕਾਫ਼ੀ ਸਮੇਂ ਲਈ ਉੱਥੇ ਰਿਹਾ। ਮੁੰਬਈ ਤੇ ਰਾਜਧਾਨੀ ਦਿੱਲੀ 'ਚ ਲੱਕੜਾਵਾਲਾ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ। ਜਿਨ੍ਹਾਂ 'ਚ ਜਬਰ ਜਨਾਹ, ਰਿਕਵਰੀ, ਕਤਲ ਤੇ ਫਿਰੌਤੀ ਮੰਗਣ ਦੇ ਮਾਮਲੇ ਸ਼ਾਮਲ ਹਨ।