ਦੇਸ਼ ਭਰ 'ਚ ਬਰਡ ਫਲੂ ਦੇ ਖਤਰੇ ਦੇ ਚਲਦਿਆਂ ਕਈ ਰਾਜਾਂ 'ਚ ਕਾਵਾਂ ਅਤੇ ਹੋਰ ਕਈ ਪੰਛੀਆਂ ਦੀ ਮੌਤ ਦੀਆਂ ਘਟਨਾਵਾਂ ਲਗਾਤਾਰ ਆ ਰਹੀਆਂ ਹਨ। ਇਸ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ 'ਚ ਮਾਰੇ ਗਏ ਕਾਵਾਂ ਦੇ ਸੈਂਪਲ 'ਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਮੈਮੋਰੀਅਲ ਬਿਲਡਿੰਗ 'ਚ ਲੋਕਾਂ ਦੇ ਦਾਖਲੇ ‘ਤੇ ਰੋਕ ਲਗਾਈ ਗਈ ਹੈ। ਦਿੱਲੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਰਾਕੇਸ਼ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਾਲ ਕਿਲ੍ਹੇ 'ਚ ਤਕਰੀਬਨ 15 ਕਾਂ ਮਰੇ ਹੋਏ ਮਿਲੇ ਸੀ। ਪੰਛੀਆਂ ਦੇ ਸੈਂਪਲ ਜਾਂਚ ਲਈ ਜਲੰਧਰ ਦੀ ਲੈਬ ਵਿੱਚ ਭੇਜੇ ਗਏ ਸੀ।


ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ ਲਾਲ ਕਿਲ੍ਹਾ ਸੈਲਾਨੀਆਂ ਲਈ 26 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 16 ਜਨਵਰੀ ਨੂੰ ਬਰਡ ਫਲੂ ਦਾ ਪਹਿਲਾ ਕੇਸ ਵੀ ਦਿੱਲੀ ਦੇ ਨੈਸ਼ਨਲ ਜੁਲੋਜੀਕਲ ਪਾਰਕ (ਦਿੱਲੀ ਚਿੜੀਆਘਰ) ਵਿੱਚ ਸਾਹਮਣੇ ਆਇਆ ਸੀ। ਸੈਂਪਲ ਨੂੰ ਬਰਡ ਫਲੂ ਦੇ ਟੈਸਟ ਲਈ ਭੇਜਿਆ ਗਿਆ ਸੀ ਜਦੋਂ ਦਿੱਲੀ ਦੇ ਚਿੜੀਆਘਰ ਵਿੱਚ ਇੱਕ ਉੱਲੂ ਮਰਿਆ ਹੋਇਆ ਪਾਇਆ ਗਿਆ, ਜੋ ਕਿ ਪੌਜ਼ੇਟਿਵ ਪਾਇਆ ਗਿਆ ਹੈ। ਚਿੜੀਆਘਰ ਦੇ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੈਂਪਲ ਵਿੱਚ ਐਚ 5 ਐਨ 8 ਏਵੀਅਨ ਫਲੂਐਂਜ਼ਾ ਦੀ ਪੁਸ਼ਟੀ ਕੀਤੀ ਗਈ ਹੈ।




ਦਿੱਲੀ ਸਰਕਾਰ ਨੇ ਬਰਡ ਫਲੂ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਪੈਕਡ ਚਿਕਨ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਗਾਜ਼ੀਪੁਰ ਮੁਰਗਾ ਮੰਡੀ (ਪੂਰਬੀ ਦਿੱਲੀ) ਗਾਜੀਪੁਰ ਮੁਰਗਾ ਮੰਡੀ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸੀ। ਸੰਕਰਮਣ ਦੇ ਖ਼ਤਰੇ ਨੂੰ ਘਟ ਕਰਨ ਲਈ ਰਾਪਟਰਸ ਅਤੇ ਹੋਰ ਮਾਸਾਹਾਰੀ ਜਾਨਵਰਾਂ ਨੂੰ ਵੀ ਚਿਕਨ ਨਹੀਂ ਖੁਆਇਆ ਜਾਂਦਾ। ਵੀਰਵਾਰ ਨੂੰ ਗਾਜ਼ੀਪੁਰ ਤੋਂ ਲਏ ਗਏ ਸਾਰੇ 100 ਸੈਂਪਲ ਦੀ ਜਾਂਚ ਰਿਪੋਰਟ ਨਕਾਰਾਤਮਕ ਆਉਣ ਤੋਂ ਬਾਅਦ ਸਾਰੇ ਬਾਜ਼ਾਰ ਨੂੰ ਦੁਬਾਰਾ ਖੋਲ੍ਹਿਆ ਗਿਆ।