ਜੀਂਦ: ਹਰਿਆਣਾ ਦੇ ਜੀਂਦ 'ਚ ਕਿਸਾਨਾਂ ਨੇ ਅਨੌਖਾ ਫ਼ਰਮਾਨ ਦਿੱਤਾ ਹੈ। ਕਿਸਾਨਾਂ ਨੇ ਫਰਮਾਨ ਜਾਰੀ ਕੀਤਾ ਹੈ ਕਿ ਭਾਜਪਾ ਤੇ ਜੇਜੇਪੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨਾਲ ਕੋਈ ਸਬੰਧ ਨਹੀਂ ਰੱਖੇਗਾ। ਨਾ ਹੀ ਮੁੰਡੇ ਦਾ ਉਨ੍ਹਾਂ ਦੇ ਘਰ ਵਿਆਹ ਕੀਤਾ ਜਾਵੇਗਾ ਤੇ ਨਾ ਹੀ ਲੜਕੀ ਦਾ। ਜੀਂਦ ਦੇ ਖਟਕੜ ਟੋਲ ਪਲਾਜ਼ਾ ਵਿਖੇ ਸੈਂਕੜੇ ਕਿਸਾਨਾਂ ਦੀ ਹਾਜ਼ਰੀ 'ਚ ਇਹ ਵੱਡਾ ਫੈਸਲਾ ਲਿਆ ਗਿਆ।
ਕਿਸਾਨ ਆਗੂ ਕਹਿੰਦੇ ਹਨ ਕਿ ਅਸੀਂ ਇਸ ਸਰਕਾਰ ਨੂੰ ਕਿਸਾਨ ਵਿਰੋਧੀ ਸਮਝਦੇ ਹਾਂ ਜਿਸ ਕਾਰਨ ਅਸੀਂ ਫੈਸਲਾ ਲਿਆ ਹੈ ਕਿ ਭਾਜਪਾ ਤੇ ਜੇਜੇਪੀ ਨਾਲ ਕੋਈ ਰਿਸ਼ਤਾ ਨਹੀਂ ਕਰੇਗਾ। ਜਿਵੇਂ ਪਿੰਡ 'ਚ ਕਿਸੇ ਵਿਅਕਤੀ ਦਾ ਹੁੱਕਾ-ਪਾਣੀ ਬੰਦ ਕੀਤਾ ਹੋਵੇ ਤਾਂ ਲੋਕ ਉਸ ਨਾਲ ਕੋਈ ਸਬੰਧ ਨਹੀਂ ਰੱਖਦੇ। ਇਸੇ ਤਰ੍ਹਾਂ ਕਿਸਾਨਾਂ ਦਾ ਭਾਜਪਾ ਤੇ ਜੇਜੇਪੀ ਨਾਲ ਕੋਈ ਸਬੰਧ ਨਹੀਂ ਰਹੇਗਾ। ਨਾ ਹੀ ਲੜਕੀ ਤੇ ਨਾ ਹੀ ਲੜਕੇ ਦੀ ਉਨ੍ਹਾਂ ਨਾਲ ਵਿਆਹ ਸ਼ਾਦੀ ਕਰਨਗੇ। ਉਨ੍ਹਾਂ ਨਾਲ ਆਉਣਾ-ਜਾਣਾ ਤਾਂ ਤੋੜ ਹੀ ਦਿੱਤਾ ਹੈ, ਹੁਣ ਅੱਗੇ ਤੋਂ ਉਨ੍ਹਾਂ ਨਾਲ ਰਿਸ਼ਤੇਦਾਰੀ ਵੀ ਤੋੜ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ, ਕਿਸਾਨਾਂ ਨੇ ਭਾਜਪਾ ਤੇ ਜੇਜੇਪੀ ਨੇਤਾਵਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੋਈ ਹੈ, ਇਸ ਲਈ ਪਾਬੰਦੀ ਦੇ ਬਾਅਦ ਆਗੂ ਨਹੀਂ ਆਉਂਦੇ। ਜੇਕਰ ਕੋਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਜਾਂਦੇ ਹਨ। ਉਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਤੌਰ 'ਤੇ ਬਾਈਕਾਟ ਕੀਤਾ ਗਿਆ ਹੈ। ਹੁਣ ਉਨ੍ਹਾਂ ਨਾਲ ਰਿਸ਼ਤੇ ਵੀ ਨਾ ਬਣਾਉਣ ਦਾ ਫਰਮਾਨ ਸੁਣਾ ਦਿੱਤਾ ਹੈ।