ਨਵੀਂ ਦਿੱਲੀ: ਦੇਸ਼ ’ਚ ਜਾਨਲੇਵਾ ਕੋਰੋਨਾ ਵਾਇਰਸ ਦੀ ਵੈਕਸੀਨ ਜਲਦ ਆਉਣ ਦੀ ਉਮੀਦ ਬੱਝੀ ਸੀ। ਹੁਣ ਇਸ ਨੂੰ ਲੈ ਕੇ ਵੱਡਾ ਹੰਗਾਮਾ ਖੜ੍ਹਾ ਹੋ ਰਿਹਾ ਹੈ। ਪਹਿਲਾਂ ਮੁਸਲਿਮ ਸੰਗਠਨ ਤੇ ਹੁਣ ਹਿੰਦੂ ਮਹਾਂਸਭਾ ਨੇ ਸਵਾਲ ਉਠਾਏ ਹਨ। ਸਵਾਮੀ ਚੱਕਰਪਾਣੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵੈਕਸੀਨ ’ਚ ਗਊ ਦਾ ਖ਼ੂਨ ਹੈ, ਇਸ ਲਈ ਇਸ ਨੂੰ ਦੇਸ਼ ਵਿੱਚ ਵਰਤਣ ਦੀ ਪ੍ਰਵਾਨਗੀ ਨਹੀਂ ਮਿਲਣੀ ਚਾਹੀਦੀ। ਚੱਕਰਪਾਣੀ ਨੇ ਇਸ ਸਬੰਧੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਯਾਦ ਪੱਤਰ ਵੀ ਭੇਜਿਆ ਹੈ।


ਸਵਾਮੀ ਚੱਕਰਪਾਣੀ ਨੇ ਆਪਣੇ ਯਾਦ ਪੱਤਰ ਵਿੱਚ ਕਿਹਾ ਹੈ ਕਿ ਜਦੋਂ ਤੱਕ ਇਹ ਸਪੱਸ਼ਟ ਨਾ ਹੋ ਜਾਵੇ ਕਿ ਇਹ ਵੈਕਸੀਨ ਕਿਵੇਂ ਬਣਾਈ ਗਈ ਹੈ ਤੇ ਇਹ ਧਰਮ ਦੇ ਖ਼ਿਲਾਫ਼ ਨਹੀਂ, ਤਦ ਤੱਕ ਭਾਰਤ ’ਚ ਇਸ ਵੈਕਸੀਨ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਹਰੇਕ ਦਵਾਈ ਦਾ ਫ਼ਾਰਮੂਲਾ ਉੱਤੇ ਲਿਖਿਆ ਹੁੰਦਾ ਹੈ, ਇਸ ਲਈ ਇਸ ਵੈਕਸੀਨ ਬਾਰੇ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਕਿਵੇਂ ਤਿਆਰ ਕੀਤੀ ਗਈ ਹੈ।




ਸਵਾਮੀ ਚੱਕਰਪਾਣੀ ਨੇ ਅੱਗੇ ਕਿਹਾ ਕਿ ਸਨਾਤਨ ਧਰਮ ਨੂੰ ਖ਼ਤਮ ਕਰਨ ਲਈ ਸਾਲਾਂ ਬੱਧੀ ਤੋਂ ਸਾਜ਼ਿਸ਼ ਰਚੀ ਜਾ ਰਹੀ ਹੈ; ਇਸੇ ਲਈ ਸਾਨੂੰ ਪਹਿਲਾਂ ਦੱਸਿਆ ਜਾਵੇ ਕਿ ਕੋਰੋਨਾ ਵੈਕਸੀਨ ਕਿਵੇਂ ਬਣੀ ਹੈ। ਉਸ ਤੋਂ ਬਾਅਦ ਟੀਕਾਕਰਣ ਸ਼ੁਰੂ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ, ‘ਪਹਿਲਾਂ ਵਿਸ਼ਵਾਸ ਕਰੋ, ਫਿਰ ਇਸਤੇਮਾਲ ਕਰੋ’ ਦੀ ਨੀਤੀ ਉੱਤੇ ਸਾਨੂੰ ਅਮਲ ਕਰਨਾ ਹੋਵੇਗਾ। ਪਹਿਲਾਂ ਜਨਤਾ ਨੂੰ ਯਕੀਨ ਦਿਵਾਇਆ ਜਾਵੇ ਕਿ ਇਸ ਵੈਕਸੀਨ ’ਚ ਗਊ ਦਾ ਖ਼ੂਨ ਨਹੀਂ; ਭਾਵੇਂ ਜਾਨ ਚਲੀ ਜਾਵੇ ਪਰ ਧਰਮ ਨਸ਼ਟ ਨਹੀਂ ਹੋਣਾ ਚਾਹੀਦਾ।




ਦੱਸ ਦੇਈਏ ਕਿ ਭਾਰਤ ਸਰਕਾਰ ਨੇ ਜਨਵਰੀ 2021 ’ਚ ਦੇਸ਼ ਵਿੱਚ ਕੋਰੋਨਾ ਵੈਕਸੀਨ ਲਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਹੁਣ ਵਿਵਾਦ ਉੱਠਣ ਮਗਰੋਂ ਕਈ ਸਵਾਲ ਖੜ੍ਹੇ ਹੋ ਗਏ ਹਨ।