Breaking News LIVE: ਵੈਕਸੀਨ ਘਪਲੇ 'ਚ ਘਿਰੀ ਕੈਪਟਨ ਸਰਕਾਰ, ਅਕਾਲੀ ਦਲ ਨੇ ਬੋਲਿਆ ਸਿਹਤ ਮੰਤਰੀ ਦੇ ਘਰ ਵੱਲ ਧਾਵਾ
Punjab Breaking News, 7 June 2021 LIVE Updates: ਸ਼੍ਰੋਮਣੀ ਅਕਾਲੀ ਦਲ ਵੱਲੋਂ ਵੈਕਸੀਨ ਘਪਲੇ ਦੇ ਮੁੱਦੇ 'ਤੇ ਪੰਜਾਬ ਦੇ ਸਿਹਤ ਮੰਤਰੀ ਦੇ ਘਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਕਾਲੀ ਵਰਕਰਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਵੀ ਹੋਈ।
LIVE
Background
Punjab Breaking News, 7 June 2021 LIVE Updates: ਪਾਕਿਸਤਾਨ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿਸ ਵਿਚ ਹੁਣ ਤੱਕ ਕਰੀਬ 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਿੰਧ ਪ੍ਰਾਂਤ ਦੇ ਦਹਾਰਕੀ ਵਿੱਚ ਵਾਪਰਿਆ। ਇਹ ਸਥਾਨ ਇੱਥੋਂ ਦੇ ਘੋਟਕੀ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਦੋ ਮੁਸਾਫਰ ਰੇਲ ਗੱਡੀਆਂ ਮਿੱਲਤ ਐਕਸਪ੍ਰੈਸ (ਯੂਪੀ) ਤੇ ਸਰ ਸਯਦ ਐਕਸਪ੍ਰੈਸ (ਡੀਐਨ) ਆਪਸ 'ਚ ਟਕਰਾ ਗਈਆਂ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕਰੀਬ 50 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਇਹ ਰੇਲ ਗੱਡੀਆਂ ਰੇਟੀ ਤੇ ਦਹਾਰਕੀ ਰੇਲਵੇ ਸਟੇਸ਼ਨ ਵਿਚਕਾਰ ਟਕਰਾ ਗਈਆਂ। ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਰੇਲ ਅੰਦਰ ਫਸ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਹ ਨਹੀਂ ਦੱਸ ਸਕਦੇ ਕਿ ਰੇਲ ਸੇਵਾ ਮੁੜ ਸ਼ੁਰੂ ਹੋਣ ਵਿਚ ਕਿੰਨਾ ਸਮਾਂ ਲੱਗੇਗਾ। ਇੱਥੋਂ ਲੰਘਣ ਵਾਲੀਆਂ ਹੋਰ ਰੇਲ ਗੱਡੀਆਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।
ਜੀਓ ਟੀਵੀ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਤੜਕੇ 3:45 ਵਜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਯਾਤਰੀ ਫਸੇ ਹੋਏ ਹਨ ਜਿਨ੍ਹਾਂ ਨੂੰ ਸਿਰਫ ਰੇਲ ਕੱਟ ਕੇ ਹੀ ਉਤਾਰਿਆ ਜਾ ਸਕਦਾ ਹੈ। ਖ਼ਬਰਾਂ ਹਨ ਕਿ ਜ਼ਖਮੀਆਂ ਨੂੰ ਟਰੈਕਟਰ ਟਰਾਲੀ ਰਾਹੀਂ ਲਿਜਾਇਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਮੈਡੀਕਲ ਟੀਮ ਰਾਤ ਕਰੀਬ 9.30 ਵਜੇ ਉੱਥੇ ਪਹੁੰਚੇਗੀ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਹਾਦਸੇ ਵਿੱਚ ਕਿੰਨਾ ਨੁਕਸਾਨ ਹੋਇਆ ਹੋਵੇਗਾ।
ਬਚਾਅ ਟੀਮ ਮੌਕੇ 'ਤੇ ਪਹੁੰਚੀ ਹੈ ਜਿਸ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਭਾਰੀ ਕਟਰ ਤੇ ਮਸ਼ੀਨਰੀ ਅਜੇ ਤੱਕ ਇੱਥੇ ਨਹੀਂ ਪਹੁੰਚੀ। ਰੇਲ ਹਾਦਸੇ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ ਹੈ।
ਮਲੇਰਕੋਟਲਾ ਜ਼ਿਲ੍ਹੇ ਦਾ ਉਦਘਾਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰਸਮੀ ਤੌਰ 'ਤੇ ਮਲੇਰਕੋਟਲਾ ਜ਼ਿਲ੍ਹੇ ਦਾ ਉਦਘਾਟਨ ਕਰਨਗੇ। ਮੈਡੀਕਲ ਕਾਲਜ, ਲੜਕੀਆਂ ਦਾ ਕਾਲਜ, ਬੱਸ ਸਟੈਂਡ ਤੇ ਮਹਿਲਾ ਥਾਣੇ ਦਾ ਵੀ ਉਦਘਾਟਨ ਕੀਤਾ ਜਾਵੇਗਾ। ਮਲੇਰਕੋਟਲਾ ਵਿੱਚ 192 ਪਿੰਡ ਸ਼ਾਮਿਲ ਕੀਤੇ ਗਏ ਹਨ। ਜ਼ਿਲ੍ਹੇ ਦੇ ਪਹਿਲੇ ਐਸਐਸਪੀ ਕੰਵਰਦੀਪ ਕੌਰ ਬਣਾਏ ਗਏ ਹਨ। ਅਰਜ਼ੀ ਤੌਰ 'ਤੇ ਦਫ਼ਤਰਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ।
ਕੋਟਕਪੂਰਾ ਕੇਸ 'ਚ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼
ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਸਵੇਰੇ 10 ਵਜੇ ਸਿੱਟ ਅੱਗੇ ਚੰਡੀਗੜ੍ਹ ਵਿੱਚ ਪੇਸ਼ ਹੋਏ। ਸੈਕਟਰ 32 ਦੀ ਪੁਲਿਸ ਅਕਾਦਮੀ ਵਿੱਚ ਨਵੀਂ ਸਿੱਟ ਨੇ ਕੋਟਕਪੂਰਾ ਮਾਮਲੇ ਦੇ ਮੁਲਜ਼ਮ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਹੈ। ਕਾਂਗਰਸ ਹਾਈ ਕਮਾਨ ਦੇ ਵੱਲੋਂ ਬਣਾਇਆ ਗਈ ਤਿੰਨ ਮੈਂਬਰੀ ਕਮੇਟੀ ਇਸ (ਬੇਅਦਬੀ) ਮਾਮਲੇ ਦੀ ਜਾਂਚ ਕਰ ਰਹੇ ਹਨ।
ਵੈਕਸੀਨ ਘਪਲਾ
ਜਦੋਂ ਇਹ ਗੱਲ ਸਾਹਮਣੇ ਆਈ ਤਾਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਤੇ ਮੁਨਾਫਾਖੋਰੀ ਦੇ ਇਲਜ਼ਾਮ ਵੀ ਲਾਏ।ਦਬਾਅ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਤੇ ਉਸ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀਆਂ ਸਾਰੀਆਂ ਖੁਰਾਕਾਂ ਜੋ ਇਸਤਮਾਲ ਨਹੀਂ ਹੋਈਆਂ ਵਾਪਸ ਮੰਗਵਾ ਲਈਆਂ। ਸਿਹਤ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ, "ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਗਏ 42000 ਕੋਰੋਨਾ ਟੀਕੇ ਵਾਪਸ ਲੈ ਲਏ ਹਨ। ਮੁੱਖ ਮੰਤਰੀ ਨੇ ਤੁਰੰਤ ਇਸ ਘਟਨਾ ਤੇ ਇਹ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਟੀਕੇ ਦੀ ਵਾਧੂ ਕੀਮਤ ਅਦਾ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੈਸੇ ਰਿਫੰਡ ਵੀ ਕੀਤੇ ਜਾਣਗੇ।"
ਵੈਕਸੀਨ ਘਪਲਾ
ਪੰਜਾਬ ਸਰਕਾਰ ਨੇ Covaxin ਦੀਆਂ 80,000 ਖੁਰਾਕਾਂ 400 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਖਰੀਦੀ ਸੀ ਤੇ ਪ੍ਰਾਈਵੇਟ ਹਸਪਤਾਲ ਨੂੰ ਇਹ ਖੁਰਾਕ 1060 ਰੁਪਏ ਪ੍ਰਤੀ ਖੁਰਾਕ ਵੇਚੀ ਗਈ।ਪ੍ਰਾਈਵੇਟ ਹਸਪਤਾਲਾਂ ਨੇ ਆਮ ਲੋਕਾਂ ਨੂੰ ਇਹ ਕੋਰੋਨਾ ਟੀਕਾ 1560 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਲਾਇਆ।
ਕਾਂਗਰਸ ਸਰਕਾਰ ਬੁਰ੍ਹੀ ਤਰ੍ਹਾਂ ਘਿਰੀ
ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚਣ ਵਾਲੇ ਮੁੱਦੇ ਤੇ ਕਾਂਗਰਸ ਸਰਕਾਰ ਬੁਰ੍ਹੀ ਤਰ੍ਹਾਂ ਘਿਰ ਗਈ ਹੈ। ਭਾਵੇਂ ਕੈਪਟਨ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈ ਲਈ ਹੈ ਪਰ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਕਸ਼ਨ ਕੀਤਾ ਗਿਆ ਜਦੋਂਕਿ ਐਤਵਾਰ ਨੂੰ ਆਮ ਆਦਮੀ ਪਾਰਟੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੁਹਾਲੀ ਰਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।