ਨਵੀਂ ਦਿੱਲੀ: ਕਿਸਾਨ ਅੰਦੋਲਨ ਅਧੀਨ 8 ਦਸੰਬਰ ਨੂੰ ਕਿਸਾਨਾਂ ਨੇ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਉੱਧਰ ਦੂਜੇ ਪਾਸੇ ਦੇਸ਼ ਦੇ ਸਭ ਤੋਂ ਵੱਡੇ ਵਪਾਰੀ ਸੰਗਠਨ ‘ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼’ (CAIT) ਤੇ ਟ੍ਰਾਂਸਪੋਰਟ ਸੈਕਟਰ ਦੇ ਵੱਡੇ ਸੰਗਠਨ ‘ਆਲ ਇੰਡੀਆ ਟ੍ਰਾਂਸਪੋਰਟ ਵੈਲਫ਼ੇਅਰ ਐਸੋਸੀਏਸ਼ਨ’ (AITWA) ਦਾ ਕਹਿਣਾ ਹੈ ਕਿ ਦੇਸ਼ ਦਾ ਵਪਾਰੀ ਤੇ ਟ੍ਰਾਂਸਪੋਰਟ 8 ਦਸੰਬਰ ਨੂੰ ਹੋ ਰਹੇ ‘ਭਾਰਤ ਬੰਦ’ ਵਿੱਚ ਸ਼ਾਮਲ ਨਹੀਂ ਹੈ।


ਭਲਕੇ ਦਿੱਲੀ ਸਮੇਤ ਦੇਸ਼ ਭਰ ਦੇ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ। ਵਪਾਰੀ ਦੁਕਾਨਾਂ ਉੱਤੇ ਆਪਣਾ ਮਾਲ ਵੇਚਣਗੇ ਤੇ ਟ੍ਰਾਂਸਪੋਰਟ ਦੀਆਂ ਗੱਡੀਆਂ ਵੀ ਚੱਲਣਗੀਆਂ। ਇਹ ਪ੍ਰਗਟਾਵਾ CAIT ਦੇ ਰਾਸ਼ਟਰੀ ਪ੍ਰਧਾਨ ਬੀਸੀ ਭਰਤੀਆ ਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕੀਤਾ ਹੈ। ਕੈਟ ਤੇ ਏਟਵਾ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਤੋਂ ਹਮਾਇਤ ਨਹੀਂ ਮੰਗੀ।

ਕਿਸਾਨੀ ਅੰਦੋਲਨ 'ਚ ਪਹੁੰਚੇ ਗੁਰਦਾਸ ਮਾਨ, ਅੱਗਿਓਂ ਲੋਕਾਂ ਨੇ ਕੀਤਾ ਇਹ ਹਾਲ, ਵੀਡੀਓ ਵਾਇਰਲ

ਕੈਟ ਦੇ ਬੀਸੀ ਭਰਤੀਆ ਤੇ ਪ੍ਰਵੀਨ ਖੰਡੇਲਵਾਲ ਤੇ ਏਟਵਾ ਦੇ ਪ੍ਰਦੀਪ ਸਿੰਘਲ ਤੇ ਮਹਿੰਦਰ ਆਰਿਆ ਨੇ ਕਿਹਾ ਕਿ ਜਦੋਂ ਕਿਸਾਨ ਆਗੂਆਂ ਦੀ ਸਰਕਾਰ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਹੈ, ਤਦ ਅਜਿਹੇ ਹਾਲਾਤ ਵਿੱਚ ਕਿਸੇ ਵੀ ‘ਬੰਦ’ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਪਾਰੀਆਂ ਤੇ ਟ੍ਰਾਂਸਪੋਰਟਰਾਂ ਦੀ ਹਮਦਰਦੀ ਕਿਸਾਨਾਂ ਨਾਲ ਹੈ ਕਿਉਂਕਿ ਉਹ ਵਪਾਰੀਆਂ ਤੇ ਟ੍ਰਾਂਸਪੋਰਟਰਾਂ ਵਾਂਗ ਹੀ ਦੇਸ਼ ਦੀ ਅਰਥ-ਵਿਵਸਥਾ ਦਾ ਬਹੁਤ ਅਹਿਮ ਤੇ ਅਟੁੱਟ ਅੰਗ ਹਨ।

ਦੋਵੇਂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕੁਝ ਅਨਸਰ ਕੈਟ ਤੇ ਏਟਵਾ ਦੇ ‘ਭਾਰਤ ਬੰਦ’ ਵਿੱਚ ਸ਼ਾਮਲ ਹੋਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ, ਜੋ ਪੂਰੀ ਤਰ੍ਹਾਂ ਭਰਮਾਊ ਅਤੇ ਸ਼ਰਾਰਤੀ ਅਨਸਰਾਂ ਦੀ ਕਾਰਸਤਾਨੀ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਕੁਝ ਸਮਾਜ-ਵਿਰੋਧੀ ਅਨਸਰ ਉਨ੍ਹਾਂ ਦੇ ਅੰਦੋਲਨ ਦੀ ਪਵਿੱਤਰਤਾ ਨੂੰ ਭੰਗ ਕਰ ਸਕਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ