ਚੰਨੀ ਵਲੋਂ ਪ੍ਰਾਈਵੇਟ ਜੈੱਟ ਵਰਤਣ 'ਤੇ ਭੱਖਿਆ ਮਸਲਾ, ਸੀਨੀਅਰ ਕਾਂਗਰਸੀ ਨੇ ਦਿੱਤੀ ਸਫਾਈ
ਪੰਜਾਬ ਦੇ ਬਣੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ 'ਤੇ ਕਰਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਲੁਧਿਆਣਾ: ਪੰਜਾਬ ਦੇ ਬਣੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ 'ਤੇ ਕਰਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਕੁਲਦੀਪ ਵੈਦ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਫ਼ਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਐਮਰਜੈਂਸੀ 'ਚ ਜ਼ਰੂਰੀ ਬੈਠਕ ਲਈ ਦਿੱਲੀ ਜਾਣਾ ਸੀ। ਪਰ ਮੌਸਮ ਖਰਾਬ ਸੀ। ਪ੍ਰੋਟੋਕੋਲ ਦੇ ਤਹਿਤ ਹੀ ਉਨ੍ਹਾਂ ਵੱਲੋਂ ਹਵਾਈ ਯਾਤਰਾ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਵਿਰੋਧੀ ਇਸ ਦਾ ਬਿਨਾਂ ਵਜ੍ਹਾ ਮੁੱਦਾ ਬਣਾ ਰਹੇ ਹਨ। ਕੁਲਦੀਪ ਵੈਦ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ 'ਤੇ ਤੰਜ ਕੱਸਦਿਆਂ ਕਿਹਾ ਕਿ ਕੇਜਰੀਵਾਲ ਖ਼ੁਦ ਹਵਾਈ ਯਾਤਰਾਵਾਂ ਕਰਦੇ ਰਹੇ ਹਨ ਜਦਕਿ ਅਕਾਲੀ ਦਲ ਵੱਲੋਂ ਤਾਂ ਆਪਣੇ ਕਾਰਜਕਾਲ ਦੇ ਦੌਰਾਨ 121 ਕਰੋੜ ਰੁਪਿਆ ਹਵਾਈ ਯਾਤਰਾਵਾਂ 'ਤੇ ਹੀ ਖਰਚ ਦਿੱਤਾ ਗਿਆ।
ਇਸ ਦੌਰਾਨ ਪੰਜਾਬ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਕੁਲਦੀਪ ਵੈਦ ਨੇ ਕਿਹਾ ਕਿ ਜੋ ਪੁਰਾਣੇ ਕੈਬਨਿਟ ਮੰਤਰੀ ਹਨ ਉਨ੍ਹਾਂ ਨੇ ਵੀ ਚੰਗਾ ਕੰਮ ਕੀਤਾ। ਪਰ ਪੰਜਾਬ ਦੀ ਬਿਹਤਰੀ ਲਈ ਇਸ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਸ ਨੂੰ ਸਕਾਰਾਤਮਕ ਰੂਪ ਦੇਖਣਾ ਚਾਹੀਦਾ। ਉੱਥੇ ਹੀ ਨਵਜੋਤ ਸਿੱਧੂ 'ਤੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਦੇਸ਼ ਵਿਰੋਧੀ ਹੋਣ ਦੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਲੈ ਕੇ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਦੇਸ਼ ਧਰੋਹੀ ਹੈ ਤਾਂ ਨਰਿੰਦਰ ਮੋਦੀ ਵੀ ਦੇਸ਼ ਧਰੋਹੀ ਹੈ ਕਿਉਂਕਿ ਉਹ ਵੀ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸਨ।
ਇਸ ਦੌਰਾਨ ਕੁਲਦੀਪ ਵੈਦ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੜ੍ਹੇ ਲਿਖੇ ਸੂਝਵਾਨ ਅਤੇ ਆਮ ਲੋਕਾਂ 'ਚ ਵਿਚਰਨ ਵਾਲੇ ਮੁੱਖ ਮੰਤਰੀ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੀ ਬਿਹਤਰੀ ਲਈ ਉਹ ਕੰਮ ਕਰਵਾਉਣਗੇ ਅਤੇ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਨ੍ਹਾਂ ਸਬੰਧੀ ਵੀ ਜਲਦ ਹੀ ਫ਼ੈਸਲੇ ਲਏ ਜਾਣਗੇ।