ਆਮ ਆਦਮੀ ਪਾਰਟੀ 'ਚ ਜਲਦ ਹੋ ਸਕਦਾ ਧਮਾਕਾ, ਕਾਂਗਰਸ ਨੇ ਕੀਤਾ ਵੱਡਾ ਦਾਅਵਾ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰ ਰਹੇ ਸਨ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਏਕਨਾਥ ਸ਼ਿੰਦੇ ਬਣਨ ਜਾ ਰਹੇ ਹਨ।
Punjab News: ਪੰਜਾਬ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਜਲਦ ਹੀ ਵੱਡਾ ਧਮਾਕਾ ਹੋ ਸਕਦਾ ਹੈ। ਇਸ ਲਈ ਹੀ ਭਗਵੰਤ ਮਾਨ ਸਰਕਾਰ ਵੱਲੋਂ 'ਆਪ੍ਰੇਸ਼ਨ ਲੋਟਸ' ਦਾ ਡਰਾਮਾ ਰਚਿਆ ਜਾ ਰਿਹਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਇਸ ਦੇ ਸੰਕੇਤ ਸਾਹਮਣੇ ਆਉਣ ਲੱਗੇ ਹਨ।
ਬਾਜਵਾ ਤੇ ਰਾਜਾ ਵੜਿੰਗ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰ ਰਹੇ ਸਨ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਏਕਨਾਥ ਸ਼ਿੰਦੇ ਬਣਨ ਜਾ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਦੀ ਸੂਚਨਾ ਅਨੁਸਾਰ ‘ਆਪ’ ਦੇ ਦਰਜਨ ਵਿਧਾਇਕ ਕਾਂਗਰਸ ਤੇ ਭਾਜਪਾ ਹਾਈਕਮਾਨ ਦੇ ਸੰਪਰਕ ਵਿੱਚ ਹਨ। ਇਹ ਪਤਾ ਲੱਗਦਿਆਂ ਹੀ ਭਗਵੰਤ ਮਾਨ ਸਰਕਾਰ ਵੱਲੋਂ 'ਆਪ੍ਰੇਸ਼ਨ ਲੋਟਸ' ਦਾ ਡਰਾਮਾ ਰਚਿਆ ਗਿਆ।
ਇਸ ਦੌਰਾਨ ਪੰਜਾਬ ਅਸੈਂਬਲੀ ਵਿੱਚ ਵਿਰੋਧ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 27 ਸਤੰਬਰ ਨੂੰ ਸੱਦੇ ਇਜਲਾਸ ਵਿੱਚ ਕੋਟਕਪੂਰਾ ਕਾਂਡ, ਬਹਿਬਲ ਗੋਲੀਕਾਂਡ ਅਤੇ ਕਾਨੂੰਨ ਤੇ ਵਿਵਸਥਾ ਦੇ ਮੁੱਦਿਆਂ ’ਤੇ ਬਹਿਸ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਮੁੱਦਿਆਂ ’ਤੇ ਬਹਿਸ ਕਰਨ ਲਈ ਤਿਆਰ ਹਨ ਤੇ ਕਦੇ ਵੀ ਵਿਚਾਰ ਚਰਚਾ ਤੋਂ ਪਿਛਾਂਹ ਨਹੀਂ ਹਟਣਗੇ। ਬਾਜਵਾ ਨੇ ਸਾਫ਼ ਕਰ ਦਿੱਤਾ ਕਿ ਉਹ ‘ਆਪ’ ਦੇ ਡਰਾਮਿਆਂ ਦਾ ਹਿੱਸਾ ਨਹੀਂ ਬਣਨਗੇ।
ਬਾਜਵਾ ਨੇ ਕਿਹਾ ਕਿ ਬਿਜਲੀ ਤੇ ਪਰਾਲੀ ਦੇ ਮੁੱਦੇ ’ਤੇ ਵਿਸ਼ੇਸ਼ ਇਜਲਾਸ ਹੁੰਦਾ ਹੈ ਤਾਂ ਉਹ ਬਹਿਸ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਖਦੇ ਮੁੱਦਿਆਂ ’ਤੇ ਸਰਬ ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੀਆਂ ਕਥਿਤ ਵਧੀਕੀਆਂ ਖ਼ਿਲਾਫ਼ ਜਦੋਂ ਵੀ ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਮਤੇ ਲਿਆਂਦੇ ਗਏ, ਵਿਰੋਧੀ ਧਿਰ ਨੇ ਇਸ ਦਾ ਡਟ ਕੇ ਸਾਥ ਦਿੱਤਾ।
ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ‘ਅਪਰੇਸ਼ਨ ਲੋਟਸ’ ਡਰਾਮੇ ਵਿਚ ਉਨ੍ਹਾਂ ਦਾ ਕੋਈ ਭਰੋਸਾ ਨਹੀਂ। ਅਜਿਹੇ ਡਰਾਮੇ ਨਾਲ ਇੱਕ ਦਿਨ ਦਾ ਖਰਚਾ ਇੱਕ ਕਰੋੜ ਰੁਪਏ ਆ ਜਾਣਾ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਨੇਮਾਂ ਮੁਤਾਬਕ ਚੱਲਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਡਾ. ਅੰਬੇਦਕਰ ਦੀਆਂ ਤਸਵੀਰਾਂ ਲਗਾ ਰਹੀ ਹੈ ਤੇ ਦੂਜੇ ਪਾਸੇ ਉਨ੍ਹਾਂ ਵੱਲੋਂ ਬਣਾਏ ਸੰਵਿਧਾਨ ਮੁਤਾਬਕ ਚੱਲਣ ਨੂੰ ਤਿਆਰ ਨਹੀਂ।