ਪੰਜਾਬ ਦੇ ਮੁੱਖ ਮੰਤਰੀ ਬਾਰੇ ਜਥੇਦਾਰ ਦੇ ਬਿਆਨ 'ਤੇ ਛਿੜਿਆ ਵਿਵਾਦ, ਫੂਲਕਾ ਨੇ ਪੱਤਰ ਲਿਖ ਉਠਾਏ ਸਵਾਲ
ਮੁੱਖ ਮੰਤਰੀ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਵਿਵਾਦ ਛਿੜ ਗਿਆ ਹੈ। ਇੱਕ ਪਾਸੇ ਸੀਨੀਅਰ ਵਕੀਲ ਫੂਲਕਾ ਨੇ ਜਥੇਦਾਰ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਬਾਰੇ ਬਿਆਨ ’ਤੇ ਹੈਰਾਨੀ ਪ੍ਰਗਟਾਈ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਉੱਪਰ ਵਿਵਾਦ ਛਿੜ ਗਿਆ ਹੈ। ਇੱਕ ਪਾਸੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਜਥੇਦਾਰ ਗਿਆਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਮੁੱਖ ਮੰਤਰੀ ਬਾਰੇ ਬਿਆਨ ’ਤੇ ਹੈਰਾਨੀ ਪ੍ਰਗਟਾਈ ਹੈ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਬਿਆਨ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਸੰਸਾ ਕੀਤੀ ਹੈ।
ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਜਾਂ ਸਿੱਖ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿੱਖ ਹੋਵੇ ਜਾਂ ਹਿੰਦੂ, ਇਹ ਬਾਅਦ ਦੀਆਂ ਗੱਲਾਂ ਹਨ, ਪਹਿਲਾਂ ਚੰਗਾ ਇਨਸਾਨ ਹੋਣਾ ਚਾਹੀਦਾ ਹੈ। ਬੇਸ਼ੱਕ ਸੋਸ਼ਲ ਮੀਡੀਆ ਉੱਪਰ ਜਥੇਦਾਰ ਦੇ ਬਿਆਨ ਦੀ ਕਾਫੀ ਪ੍ਰਸੰਸਾ ਵੀ ਹੋ ਰਹੀ ਹੈ ਪਰ ਕੁਝ ਲੋਕ ਇਸ ਉੱਪਰ ਸਵਾਲ ਉਠਾ ਰਹੇ ਹਨ।
ਸੀਨੀਅਰ ਵਕੀਲ ਐਚਐਸ ਫੂਲਕਾ ਨੇ ਜਥੇਦਾਰ ਨੂੰ ਲਿਖਿਆ ਹੈ, ‘ਤੁਹਾਡਾ ਅਖਬਾਰਾਂ ਵਿੱਚ ਬਿਆਨ ਪੜ੍ਹਿਆ, ਜਿਸ ਵਿੱਚ ਤੁਸੀਂ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਜਾਂ ਸਿੱਖ ਫ਼ਰਕ ਨਹੀਂ ਪੈਂਦਾ। ਇਹ ਪੜ੍ਹ ਕੇ ਬੜੀ ਹੈਰਾਨੀ ਹੋਈ।’ ਉਨ੍ਹਾਂ ਲਿਖਿਆ, ‘ਜੇਕਰ ਸਿੱਖਾਂ ਨੇ ਇਸ ਸਿਧਾਂਤ ’ਤੇ ਹੀ ਪਹਿਰਾ ਦੇਣਾ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ ਕਿ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾ ਕੇ ਪੰਜਾਬੀ ਸੂਬਾ ਬਣਵਾਉਣ ਦੀ ਕੀ ਲੋੜ ਸੀ।’
ਉਨ੍ਹਾਂ ਸਵਾਲ ਉਠਾਇਆ ਕਿ ਪਹਿਲਾਂ ਪੁਰਾਣੇ ਪੰਜਾਬ ਵਿੱਚ ਕਦੇ ਹਿੰਦੂ ਮੁੱਖ ਮੰਤਰੀ ਤੇ ਕਦੇ ਸਿੱਖ ਮੁੱਖ ਮੰਤਰੀ ਬਣਦੇ ਸਨ। ਇਸ ਦੇ ਬਾਵਜੂਦ ਅਕਾਲੀ ਦਲ ਨੇ 1966 ਵਿੱਚ ਵੱਖਰੇ ਸੂਬੇ ਦੀ ਮੰਗ ਕਰਕੇ ਇਹ ਪੰਜਾਬੀ ਸੂਬਾ ਬਣਵਾਇਆ। ਹੁਣ ਅਕਾਲੀ ਦਲ ਜਥੇਦਾਰ ਦੇ ਇਸ ਬਿਆਨ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਦੁਨੀਆ ਵਿੱਚ ਇਹ ਸਿੱਖਾਂ ਦਾ ਇੱਕੋ-ਇੱਕ ਪੰਜਾਬੀ ਸੂਬਾ ਹੋਵੇਗਾ ਜਿਸ ਵਿੱਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣੇਗਾ। 1966 ਤੋਂ ਬਾਅਦ ਕੋਈ ਵੀ ਪਾਰਟੀ ਪੰਜਾਬ ਦੀ ਸੱਤਾ ’ਚ ਆਈ, ਪਰ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੀ ਰਿਹਾ।
ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਪੁਰਾਣੇ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਸੀ ਤਾਂ ਅਕਾਲੀ ਦਲ ਨੇ ਪੰਥ ਖ਼ਤਰੇ ਦਾ ਨਾਅਰਾ ਲਾ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾਇਆ। ਉਨ੍ਹਾਂ ਖਦਸ਼ਾ ਜਤਾਇਆ ਕਿ ਹੁਣ ਵੀ ਅਕਾਲੀ ਦਲ ਗ਼ੈਰ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਵਾ ਕੇ ਮੁੜ ਪੰਥ ਨੂੰ ਖ਼ਤਰੇ ਦਾ ਨਾਅਰਾ ਦੇ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦਿਖਾਉਣਾ ਚਾਹੁੰਦਾ ਹੈ ਕਿ ਸਿੱਖਾਂ ਦੇ ਹੱਕਾਂ ਲਈ ਸਿਰਫ਼ ਅਕਾਲੀ ਦਲ ਹੀ ਲੜ ਸਕਦਾ ਹੈ ਤੇ ਦੂਜੀ ਕਿਸੇ ਹੋਰ ਪਾਰਟੀ ਦੇ ਰਾਜ ਵਿੱਚ ਸਿੱਖ ਸੁਰੱਖਿਅਤ ਨਹੀਂ ਹਨ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਮੌਕੇ ਸੁਲਝਿਆ ਹੋਇਆ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦਾ ਬਿਆਨ ਐਨ ਸਹੀ ਮੌਕੇ ਆਇਆ ਹੈ ਕਿਉਂਕਿ ਇਸ ਵੇਲੇ ਉੱਚੇ ਅਹੁਦਿਆਂ ’ਤੇ ਬੈਠੇ ਛੋਟੀ ਸੋਚ ਦੇ ਲੋਕ ਨਸਲ/ਜਾਤ/ਪਛਾਣ ਦੇ ਅਧਾਰ ’ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਗੁਰੂ ਦੇ ਸਦੀਵੀ ਸੰਦੇਸ਼ ਨੂੰ ਭੁੱਲ ਰਹੇ ਹਨ।