Corona cases india: ਕੋਰੋਨਾ ਦੇ ਕਹਿਰ ਨੂੰ ਲੱਗਣ ਲੱਗੀ ਬ੍ਰੇਕ, ਪਿਛਲੇ 25 ਦਿਨਾਂ ਨਾਲੋਂ ਸਭ ਤੋਂ ਘੱਟ ਕੇਸ
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਦੇਸ਼ ’ਚ 3 ਲੱਖ 10 ਹਜ਼ਾਰ 580 ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ ਹੋਈ। ਇਹ ਅੰਕੜਾ ਬੀਤੇ 25 ਦਿਨਾਂ ’ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ 2 ਲੱਖ 94 ਹਜ਼ਾਰ 378 ਨਵੇਂ ਮਾਮਲਿਆਂ ਦੀ ਸ਼ਨਾਖ਼ਤ ਹੋਈ ਹੈ।
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਦੇਸ਼ ’ਚ 3 ਲੱਖ 10 ਹਜ਼ਾਰ 580 ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ ਹੋਈ। ਇਹ ਅੰਕੜਾ ਬੀਤੇ 25 ਦਿਨਾਂ ’ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ 2 ਲੱਖ 94 ਹਜ਼ਾਰ 378 ਨਵੇਂ ਮਾਮਲਿਆਂ ਦੀ ਸ਼ਨਾਖ਼ਤ ਹੋਈ ਹੈ। ਇਸ ਮਗਰੋਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਜਲਦ ਖਤਮ ਹੋਣ ਦੇ ਸੰਕੇਤ ਮਿਲੇ ਹਨ।
ਭਾਵੇਂ ਮੌਤ ਦਾ ਅੰਕੜਾ ਹਾਲੇ ਵੀ ਚਿੰਤਾ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਦੇਸ਼ ਵਿੱਚ ਸਨਿੱਚਰਵਾਰ ਨੂੰ ਕੋਰੋਨਾ ਕਾਰਨ 4,075 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਮਈ ਮਹੀਨੇ ’ਚ ਅਜਿਹਾ ਛੇਵੀਂ ਵਾਰ ਹੋਇਆ ਹੈ, ਜਦੋਂ ਇੱਕ ਦਿਨ ’ਚ ਚਾਰ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ।
ਇਹ ਵੀ ਰਾਹਤ ਵਾਲੀ ਗੱਲ ਹੈ ਕਿ ਕੋਰੋਨਾ ਨੂੰ ਮਾਤ ਪਾ ਕੇ ਸਿਹਤਯਾਬ ਹੋਣ ਵਾਲੇ ਲੋਕਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਬੀਤੇ ਦਿਨੀਂ ਕੁੱਲ 3 ਲੱਖ 62 ਹਜ਼ਾਰ 367 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਤਰ੍ਹਾਂ ਐਕਟਿਵ ਕੇਸ ਭਾਵ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ’ਚ 55,931 ਦੀ ਕਮੀ ਹੋਈ ਹੈ। ਇਹ ਇਸ ਵਰ੍ਹੇ ਐਕਟਿਵ ਕੇਸਾਂ ’ਚ ਹੋਣ ਵਾਲੀ ਸਭ ਤੋਂ ਵੱਡੀ ਗਿਰਾਵਟ ਹੈ।
ਭਾਰਤ ’ਚ ਕੋਰੋਨਾ ਮਹਾਮਾਰੀ ਦੀ ਤਾਜ਼ਾ ਸਥਿਤੀ
· ਬੀਤੇ 24 ਘੰਟਿਆਂ ’ਚ ਕੁੱਲ ਨਵੇਂ ਕੇਸ ਆਏ: 3.10 ਲੱਖ
· ਬੀਤੇ 24 ਘੰਟਿਆਂ ’ਚ ਕੁੱਲ ਮੌਤਾਂ: 4,075
· ਬੀਤੇ 24 ਘੰਟਿਆਂ ’ਚ ਕੁੱਲ ਠੀਕ ਹੋਏ: 3.62 ਲੱਖ
· ਹੁਣ ਤੱਕ ਲਪੇਟ ’ਚ ਆਏ ਕੁੱਲ ਵਿਅਕਤੀ: 2.46 ਕਰੋੜ
· ਹੁਣ ਤੱਕ ਠੀਕ ਹੋਏ: 2.07 ਕਰੋੜ
· ਹੁਣ ਤੱਕ ਕੁੱਲ ਮੌਤਾਂ 2.70 ਲੱਖ
· ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਮਰੀਜ਼: 36.13 ਲੱਖ
ਦੱਸ ਦਈਏ ਕਿ ਦੇਸ਼ ਦੇ 19 ਰਾਜਾਂ ਵਿੱਚ ਮੁਕੰਮਲ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲ ਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਹੀ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ।
ਦੇਸ਼ ਦੇ 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੰਸ਼ਕ ਲੌਕਡਾਊਨ ਹੈ ਭਾਵ ਇੱਥੇ ਪਾਬੰਦੀਆਂ ਤਾਂ ਹਨ ਪਰ ਛੋਟ ਵੀ ਹੈ। ਇਨ੍ਹਾਂ ’ਚ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਆਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।