ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਕੋਵਿਡ-19 ਮਹਾਮਾਰੀ ਦੇਸ਼ ਦੀ ਸ਼ਾਇਦ ਸਭ ਤੋਂ ਵੱਡੀ ਚੁਣੌਤੀ ਹੈ। ਰਾਜਨ ਨੇ ਨਾਲ ਹੀ ਇਹ ਵੀ ਕਿਹਾ ਕਿ ਕਈ ਥਾਵਾਂ ਉੱਤੇ ਵਿਭਿੱਨ ਕਾਰਨਾਂ ਦੇ ਚੱਲਦਿਆਂ ਸਰਕਾਰ ਲੋਕਾਂ ਦੀ ਮਦਦ ਲਈ ਮੌਜੂਦ ਨਹੀਂ ਸੀ।


 


ਦਿੱਲੀ ’ਚ ਯੂਨੀਵਰਸਿਟੀ ਆਫ਼ ਸ਼ਿਕਾਗੋ ਸੈਂਟਰ ਵੱਲੋਂ ਕਰਵਾਏ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਸੂਖਮ, ਲਘੂ ਤੇ ਦਰਮਿਆਨੇ ਉੱਦਮ (MSME) ਖੇਤਰ ਲਈ ਦੀਵਾਲੀਆ ਐਲਾਨਣ ਦੀ ਇੱਕ ਤੇਜ਼-ਰਫ਼ਤਾਰ ਪ੍ਰਕਿਰਿਆ ਦੀ ਜ਼ਰੂਰਤ ਹੈ।


 


ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਚੱਲਦਿਆਂ ਭਾਰਤ ਲਈ ਇਹ ਦੁਖਾਂਤ ਭਰਿਆ ਸਮਾਂ ਹੈ। ਆਜ਼ਾਦੀ ਤੋਂ ਬਾਅਦ ਕੋਵਿਡ-19 ਮਹਾਮਾਰੀ ਸ਼ਾਇਦ ਦੇਸ਼ ਦੀ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਾਮਾਰੀ ਪਹਿਲੀ ਵਾਰ ਆਈ, ਤਾਂ ਲੌਕਡਾਊਨ ਕਾਰਨ ਚੁਣੌਤੀ ਮੁੱਖ ਤੌਰ ’ਤੇ ਆਰਥਿਕ ਸੀ ਪਰ ਹੁਣ ਚੁਣੌਤੀ ਆਰਥਿਕ ਤੇ ਵਿਅਕਤੀਗਤ ਦੋਵੇਂ ਹੀ ਹਨ ਤੇ ਜਿਵੇਂ ਹੀ ਅਸੀਂ ਅੱਗੇ ਵਧਾਂਗੇ, ਤਾਂ ਇਸ ਵਿੱਚ ਇੱਕ ਸਮਾਜਕ ਤੱਤ ਵੀ ਹੋਵੇਗਾ।


 


ਦੇਸ਼ ’ਚ ਹਾਲੀਆ ਹਫ਼ਤਿਆਂ ਦੌਰਾਨ ਲਗਾਤਾਰ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਤੇ ਮ੍ਰਿਤਕਾਂ ਦੀ ਗਿਣਤੀ ਵੀ ਲਗਾਤਾਰ ਵਧੀ ਹੈ। ਇਸ ਮਹਾਮਾਰੀ ਦਾ ਇੱਕ ਪ੍ਰਭਾਵ ਇਹ ਹੈ ਕਿ ਵਿਭਿੰਨ ਕਾਰਣਾਂ ਕਰ ਕੇ ਅਸੀਂ ਸਰਕਾਰ ਦੀ ਮੌਜੂਦਗੀ ਨਹੀਂ ਵੇਖੀ।


 


RBI ਦੇ ਸਾਬਕਾ ਗਵਰਨਰ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਜੇ ਅਸੀਂ ਸਮਾਜ ਬਾਰੇ ਗੰਭੀਰਤਾ ਨਾਲ ਸੁਆਲ ਨਹੀਂ ਉਠਾਉਂਦੇ ਹਾਂ, ਤਾਂ ਇਹ ਮਹਾਮਾਰੀ ਜਿੰਨਾ ਹੀ ਵੱਡਾ ਦੁਖਾਂਤ ਹੋਵੇਗਾ। ਰਾਜਨ ਇਸ ਵੇਲੇ ਯੂਨੀਵਰਸਿਟੀ ਆਫ਼ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨੈਸ ’ਚ ਪ੍ਰੋਫ਼ੈਸਰ ਹਨ।


 


ਆਈਆਈਟੀ ਦਿੱਲੀ ’ਚ ਦਿੱਤੇ ਆਪਣੇ ਭਾਸ਼ਣ ਨੂੰ ਚੇਤੇ ਕਰਦਿਆਂ ਰਘੂਰਾਮ ਰਾਜਨ ਨੇ ਕਿਹਾ ਕਿ ਮੇਰਾ ਭਾਸ਼ਣ ਸਰਕਾਰ ਦੀ ਆਲੋਚਨਾ ਨਹੀਂ ਸੀ…ਕਈ ਵਾਰ ਚੀਜ਼ਾਂ ਦੀ ਕੁਝ ਜ਼ਿਆਦਾ ਹੀ ਵਿਆਖਿਆ ਕੀਤੀ ਜਾਂਦੀ ਹੈ।