ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਤਿੰਨ ਲੱਖ ਤੋਂ ਵੀ ਵੱਧ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ। ਸਿਹਤ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਵਿਅਕਤੀਆ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 73 ਲੱਖ, 13 ਹਜ਼ਾਰ 163 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੀ ਛੂਤ ਦੇ 3,52,991 ਨਵੇਂ ਮਾਮਲੇ ਸਾਹਮਣੇ ਆਏ ਹਨ; ਜਦ ਕਿ 2,812 ਲੋਕਾਂ ਦੀ ਮੌਤ ਹੋਈ ਹੈ।


 


ਇੱਕ ਰਿਪੋਰਟ ਅਨੁਸਾਰ 2-3 ਹਫ਼ਤਿਆਂ ਤੱਕ ਕੋਰੋਨਾ ਦੀ ਛੂਤ ਦੇ ਮਾਮਲਿਆਂ ਵਿੱਚ ਕਮੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਆਈਆਈਟੀ ਦੇ ਵਿਗਿਆਨੀਆਂ ਨੇ ਮੈਥੇਮੈਟਿਕਲ ਮਾਡਲ ਰਾਹੀਂ ਦੇਸ਼ ਵਿੱਚ ਮਹਾਮਾਰੀ ਦੇ ਸਮੇਂ ਤੇ ਸਿਖ਼ਰ ਦੀ ਦੀ ਮੁੜ ਭਵਿੱਖਬਾਣੀ ਕੀਤੀ ਹੈ।


 


‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ 14-18 ਮਈ ਦੌਰਾਨ ਦੇਸ਼ ਵਿੱਚ ਐਕਟਿਵ ਮਾਮਲੇ 38 ਲੱਖ ਤੋਂ ਲੈ ਕੇ 48 ਲੱਖ ਤੱਕ ਪੁੱਜ ਸਕਦੇ ਹਨ। ਰਿਪੋਰਟ ਮੁਤਾਬਕ ਆਈਆਈਟੀ-ਕਾਨਪੁਰ ਦੇ ਮਨੀਂਦਰ ਅਗਰਵਾਲ ਨੇ ਟਵੀਟ ਕਰਦਿਆਂ ਲਿਖਿਆ ਹੈ- ਮੈਂ ਪੀਕ ਟਾਈਮ ਲਈ ਵੈਲਿਯੂ ਦੀ ਕੈਲਕੂਲੇਸ਼ਨ ਕੀਤੀ ਹੈ। ਆਖ਼ਰੀ ਗੇੜ ਤੱਕ ਇਹ ਵਾਇਰਸ ਇਸ ਸੀਮਾ ਦੇ ਅੰਦਰ ਰਹਿ ਸਕਦਾ ਹੈ। ਬੇਯਕੀਨੀ ਦਾ ਕਾਰਣ ਇਹ ਹੈ ਕਿ ਆਖ਼ਰੀ ਗੇੜ ਤੱਕ ਲਗਾਤਾਰ ਤਬਦੀਲੀ ਹੋ ਰਹੀ ਹੈ।


 


ਉਨ੍ਹਾਂ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਐਕਟਿਵ ਮਾਮਲਿਆਂ ਦਾ ਪੀਕ ਟਾਈਮ 14 ਤੋਂ 18 ਮਈ ਅਤੇ ਨਵੇਂ ਮਾਮਲਿਆਂ ਦਾ ਪੀਕ ਟਾਈਮ 4-8 ਮਈ ਹੋ ਸਕਦਾ ਹੈ। ਪੀਕ ਐਕਟਿਵ ਕੇਸ 38 ਤੋਂ 48 ਲੱਖ ਤੱਕ ਹੋ ਸਕਦੇ ਹਨ। ਇਸ ਤੋਂ ਇਲਾਵਾ ਇੱਕ ਦਿਨ ਵਿੱਚ ਵੱਧ ਤੋਂ ਵੱਧ 3.4 ਲੱਖ ਤੋਂ 4.4 ਲੱਖ ਤੱਕ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।


 


ਇਸ ਤੋਂ ਪਹਿਲਾਂ ਅਪ੍ਰੈਲ ਦੇ ਸ਼ੁਰੂਆਤੀ ਹਫ਼ਤੇ ਵਿੱਚ ਇਸ ਮਾੱਡਲ ਅਧੀਨ 15-20 ਅਪ੍ਰੈਲ ਦਰਮਿਆਨ ਐਕਟਿਵ ਕੇਸ ਦੇ ਪੀਕ ਦਾ ਅਨੁਮਾਨ ਲਾਇਆ ਗਿਆ ਸੀ। ਪੁਰਾਣੇ ਅਨੁਮਾਨ ਵਿੱਚ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਹੋਣ ਦੀ ਸੰਭਾਵਨਾ ਸੀ। ਇਹ ਅੰਕੜੇ ਪਿਛਲੇ ਵਰ੍ਹੇ ਸਤੰਬਰ ਦੇ ਬਰਾਬਰ ਸੀ। ਭਾਵੇਂ ਇਨ੍ਹਾਂ ਅੰਕੜਿਆਂ ਨੂੰ ਬਾਅਦ ’ਚ ਸੋਧਿਆ ਵੀ ਗਿਆ ਸੀ।