ਨਵੀਂ ਦਿੱਲੀ: ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 10 ਹਜ਼ਾਰ 667 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ ਇਕ ਦਿਨ ‘ਚ 380 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ 9 ਹਜ਼ਾਰ 900 ਤੱਕ ਪਹੁੰਚ ਗਈ ਹੈ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਤਿੰਨ ਲੱਖ 43 ਹਜ਼ਾਰ 91 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਕ ਲੱਖ 80 ਹਜ਼ਾਰ 13 ਵਿਅਕਤੀ ਵੀ ਠੀਕ ਹੋ ਚੁੱਕੇ ਹਨ।



ਰਿਕਵਰੀ ਦੀ ਦਰ ਵਧ ਕੇ 51.08 ਪ੍ਰਤੀਸ਼ਤ ਹੋ ਗਈ

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਰਿਕਵਰੀ ਦੀ ਦਰ ਵਧ ਕੇ 51.08 ਪ੍ਰਤੀਸ਼ਤ ਹੋ ਗਈ ਹੈ, ਜਿਸ ਦਾ ਮਤਲਬ ਹੈ ਕਿ ਕੋਰੋਨਾਵਾਇਰਸ ਦੇ ਅੱਧੇ ਤੋਂ ਵੱਧ ਕੇਸ ਸਿਹਤਮੰਦ ਹੋ ਗਏ ਹਨ। ਦੱਸ ਦਈਏ ਕਿ ਕਈ ਹੋਰ ਰਾਜਾਂ ਨੇ ਨਮੂਨੇ ਦੇ ਟੈਸਟ ਢਾਂਚੇ ਤੇ ਕੋਵਿਡ-19 ਦੇ ਮਰੀਜ਼ਾਂ ਲਈ ਬਿਸਤਰੇ ਦੀ ਗਿਣਤੀ ਵਧਾਉਣ ਦਾ ਐਲਾਨ ਵੀ ਕੀਤਾ ਹੈ।




ਭਾਰਤ ਦੁਨੀਆ ਵਿੱਚ ਕਿਸ ਨੰਬਰ 'ਤੇ?

ਅਮਰੀਕਾ, ਬ੍ਰਾਜ਼ੀਲ ਤੇ ਰੂਸ ਤੋਂ ਬਾਅਦ ਕੋਰੋਨਾਵਾਇਰਸ ਸੰਕਰਮਣ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ‘ਚ ਭਾਰਤ ਚੌਥੇ ਨੰਬਰ 'ਤੇ ਹੈ। ਦੂਜੇ ਪਾਸੇ ਲਾਗ ਕਾਰਨ ਮੌਤ ਦੇ ਮਾਮਲੇ ਵਿੱਚ ਭਾਰਤ ਨੌਵਾਂ ਦੇਸ਼ ਹੈ, ਜਦਕਿ ਮਰੀਜ਼ਾਂ ਦੀ ਸਿਹਤਯਾਬੀ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਵਿੱਚ 6ਵੇਂ ਨੰਬਰ ‘ਤੇ ਹੈ।



ਦਸੰਬਰ ‘ਚ ਹੁਣ ਤਕ ਚੀਨ ‘ਚ ਸਾਹਮਣੇ ਆਇਆ ਕੋਰੋਨਾਵਾਇਰਸ ਦੁਨੀਆ ਭਰ ‘ਚ ਤਕਰੀਬਨ 80 ਲੱਖ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਚੁਕਿਆ ਹੈ। ਜਦਕਿ ਇਸ ਘਾਤਕ ਵਾਇਰਸ ਨਾਲ 4.34 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਤਕ ਲਗਪਗ 38 ਲੱਖ ਮਰੀਜ਼ ਸਿਹਤਮੰਦ ਹੋਏ ਹਨ।