ਨਵੀਂ ਦਿੱਲੀ: ਦੇਸ਼ ਅਤੇ ਦੁਨੀਆ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਹੁਣ ਤੱਕ 6761 ਵਿਅਕਤੀ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ ਅਤੇ ਉਨ੍ਹਾਂ ਚੋਂ 206 ਦੀ ਮੌਤ ਹੋ ਚੁੱਕੀ ਹੈ ਤੇ 516 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ‘ਚ 896 ਨਵੇਂ ਕੇਸ ਸਾਹਮਣੇ ਆਏ ਹਨ ਅਤੇ 37 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਿਛਲੇ 24 ਘੰਟਿਆਂ ‘ਚ ਹੁਣ ਤੱਕ ਦਾ ਸਭ ਤੋਂ ਤੇਜ਼ ਵਾਧਾ ਹੈ।


ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਕੱਲ੍ਹ 16,002 ਟੈਸਟ ਲਏ ਗਏ ਸੀ, ਜਿਨ੍ਹਾਂ ਚੋਂ ਸਿਰਫ 0.2% ਕੇਸ ਸਕਾਰਾਤਮਕ ਪਾਏ ਗਏ। ਉਸਨੇ ਦੱਸਿਆ ਕਿ ਦੇਸ਼ ਵਿੱਚ ਅਜੇ ਤੱਕ ਕੋਈ ਕਮਿਊਨਿਟੀ ਟਰਾਂਸਮਿਸਨ ਨਹੀਂ ਹੈ। ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੀ ਘਰੇਲੂ ਜ਼ਰੂਰਤ ਇੱਕ ਕਰੋੜ ਹਾਈਡਰੋਕਸਾਈਕਲੋਰੋਕਿਨ ਗੋਲੀਆਂ ਦੀ ਹੈ, ਜਦੋਂ ਕਿ ਸਾਡੇ ਕੋਲ ਇਸ ਸਮੇਂ 3.28 ਕਰੋੜ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਉਪਲਬਧ ਹਨ।



ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕੋਵਿਡ-19 ਸਥਿਤੀ 'ਤੇ ਦੱਸਿਆ ਕਿ ਭਾਰਤ ਨੇ ਵੀਰਵਾਰ ਨੂੰ 20,473 ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ।



ਉਨ੍ਹਾਂ ਨੇ ਸੂਬਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਕਰਨ, ਕਿਸੇ ਵੀ ਸਮਾਜਿਕ, ਧਾਰਮਿਕ ਇਕੱਠ ਜਾਂ ਜਲੂਸ ਨੂੰ ਨਾ ਲੱਗਣ ਦੇਣ। ਸੋਸ਼ਲ ਮੀਡੀਆ 'ਤੇ ਵੀ ਨਜ਼ਰ ਰੱਖੀ ਜਾਵੇ ਤਾਂ ਕਿ ਕੋਈ ਇਤਰਾਜ਼ਯੋਗ ਸਮੱਗਰੀ ਅਪਲੋਡ ਨਾ ਕੀਤੀ ਜਾਏ।