ਬਾਰਾਬੰਕੀ: ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਭਰਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਨੇ ਸਰਕਾਰ ’ਤੇ ਸਿਆਸੀ ਹਮਲਾ ਕੀਤਾ ਹੈ। ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਛੇਤੀ ਹੀ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੇ ਗੜ੍ਹ ਪੂਰਵਾਂਚਲ ਵਿੱਚ ਅੰਦੋਲਨ ਕਰਨਗੇ। ਭਾਜਪਾ ਤੇ ਮੁੱਖ ਮੰਤਰੀ ਲਈ ਇਹ ਔਖਾ ਵੇਲਾ ਹੈ। ਅਗਲੇ ਸਾਲ 2022 ’ਚ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਾਂਗਰਸ ਲਗਾਤਾਰ ਕਿਸਾਨ ਮਹਾਂਪੰਚਾਇਤ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਰਕਾਰ ਉੱਤੇ ਵੱਖਰਾ ਹਮਲਾ ਕਰ ਰਹੇ ਹਨ।


 


ਨਰੇਸ਼ ਟਿਕੈਤ ਨੇ ਬਾਰਾਬੰਕੀ ’ਚ ਕਿਸਾਨਾਂ ਦੀ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਸਾਨ ਮੁੱਦਾ ਖ਼ਤਮ ਕਰ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਰਕਾਰ ਨੇ ‘ਪਿੰਜਰੇ ਦਾ ਤੋਤਾ’ ਬਣਾ ਦਿੱਤਾ ਹੈ। ਸਰਕਾਰ ਜੇ ਰਾਜਨਾਥ ਸਿੰਘ ਨੂੰ ਗੱਲਬਾਤ ਦੀ ਆਜ਼ਾਦੀ ਦੇਵੇ, ਤਾਂ ਸਾਡੀ ਗਰੰਟੀ ਹੈ ਕਿ ਮਸਲਾ ਹੱਲ ਹੋ ਜਾਵੇਗਾ ਤੇ ਭਾਜਪਾ ਦਾ ਅਕਸ ਵੀ ਬਚਿਆ ਰਹਿ ਜਾਵੇਗਾ।


 


ਉਨ੍ਹਾਂ ਕਿਹਾ ਕਿ ਕਿਸਾਨ ਰਾਜਨਾਥ ਸਿੰਘ ਦਾ ਆਦਰ ਕਰਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਮੌਕਾ ਨਹੀਂ ਦੇ ਰਹੀ। ਇਹ ਸਰਕਾਰ ਜ਼ਿੱਦੀ ਹੈ। ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ।


 


ਨਰੇਸ਼ ਟਿਕੈਤ ਨੇ ਅੰਗੇ ਕਿਹਾ ਕਿ ਪਹਿਲਾਂ ਹਿੰਦੂ ਅਤੇ ਮੁਸਲਿਮ ਇੱਕਜੁਟਤਾ ਨਾਲ ਮਿਲਜੁਲ ਕੇ ਰਹਿੰਦੇ ਸਨ ਤੇ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਸੀ ਪਰ ਸਾਲ 2013 ’ਚ ਭਾਜਪਾ ਨੇ ਮੁਸਲਮਾਨਾਂ ਬਾਰੇ ਬਹੁਤ ਸਾਰੇ ਭਰਮ ਫੈਲਾ ਦਿੱਤੇ। ਮੁਸਲਮਾਨਾਂ ਨੂੰ ਲੈ ਕੇ ਸਭ ਦੇ ਮਨਾਂ ਵਿੱਚ ਫੁੱਟ ਦੇ ਬੀਅ ਬੀਜ ਦਿੱਤੇ। ਹੁਣ ਲੋਕਾਂ ਨੂੰ ਭਾਜਪਾ ਦੀ ਚਾਲ ਸਮਝ ’ਚ ਆ ਰਹੀ ਹੈ।