ਨਵੀਂ ਦਿੱਲੀ: ਇੱਕ ਪਾਸੇ ਭਾਰਤ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਉੱਥੇ ਹੀ ਵਾਇਰਸ ਦੇ ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ। ਕੇਂਦਰ ਸਰਕਾਰ ਨੇ ਪਹਿਲੀ ਵਾਰ ਕੋਰੋਨਾ ਦੇ ਨਵੇਂ ਰੂਪ 'ਤੇ ਚਿੰਤਾ ਜ਼ਾਹਰ ਕੀਤੀ ਹੈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੂਬਿਆਂ 'ਚ ਵੱਧ ਰਹੇ ਮਾਮਲਿਆਂ ਦਾ ਨਵੇਂ ਰੂਪਾਂ ਨਾਲ ਸਿੱਧਾ ਸਬੰਧ ਨਹੀਂ।
ਕੋਰੋਨਾ ਦੇ ਨਵੇਂ ਰੂਪ ਦੇਸ਼ ਦੇ 18 ਸੂਬਿਆਂ 'ਚ ਮਿਲੇ ਹਨ। ਸੂਬਿਆਂ 'ਚੋਂ 10,787 ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 771 ਮਰੀਜ਼ਾਂ 'ਚ ਕੋਰੋਨਾ ਦੇ ਨਵੇਂ ਰੂਪ ਮਿਲੇ ਹਨ। ਇਸ 'ਚ 736 ਯੂਕੇ ਵੇਰੀਐਂਟ, 34 ਦੱਖਣ ਅਫ਼ਰੀਕਾ ਵੇਰੀਐਂਟ ਤੇ 1 ਬ੍ਰਾਜ਼ੀਲ ਵੇਰੀਐਂਟ ਪਾਇਆ ਗਿਆ।
ਮਹਾਰਾਸ਼ਟਰ 'ਚ ਕੋਰੋਨਾ ਦਾ ਬਿਲਕੁਲ ਵੱਖਰਾ ਰੂਪ ਮਿਲਿਆ ਹੈ। ਮਹਾਰਾਸ਼ਟਰ 'ਚ E484Q ਤੇ L452R ਵੇਰੀਐਂਟ ਪਾਇਆ ਗਿਆ। ਮਹਾਰਾਸ਼ਟਰ 'ਚ 15% ਤੋਂ 20% ਸੈਂਪਲਾਂ 'ਚ ਨਵੇਂ ਰੂਪ ਮਿਲੇ ਹਨ। ਮਹਾਰਾਸ਼ਟਰ ਤੋਂ ਇਲਾਵਾ ਕੇਰਲਾ 'ਚ N440K ਨਾਮੀ ਕੋਰੋਨਾ ਦਾ ਇੱਕ ਨਵਾਂ ਰੂਪ ਮਿਲਿਆ ਹੈ। 14 ਜ਼ਿਲ੍ਹਿਆਂ 'ਚੋਂ 2032 ਸੈਂਪਲ ਲਏ ਗਏ ਸਨ, ਜਿਸ 'ਚ 11 ਜ਼ਿਲ੍ਹਿਆਂ 'ਚੋਂ 123 ਸੈਂਪਲਾਂ 'ਚ ਨਵੇਂ ਰੂਪ ਮਿਲੇ ਹਨ।
ਇਸ ਤੋਂ ਇਲਾਵਾ N440K ਵੇਰੀਐਂਟ ਆਂਧਰਾ ਪ੍ਰਦੇਸ਼ 'ਚ 33% ਸੈਂਪਲਾਂ 'ਚੋਂ ਮਿਲਿਆ ਹੈ। N440K ਵੇਰੀਐਂਟ ਤੇਲੰਗਾਨਾ 'ਚ 53 ਸੈਂਪਲਾਂ 'ਚ ਪਾਇਆ ਗਿਆ ਸੀ। N440K ਵੇਰੀਐਂਟ 16 ਹੋਰ ਦੇਸ਼ਾਂ 'ਚ ਵੀ ਪਾਇਆ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ 'ਚ ਸਾਰੇ ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਭਾਰੀ ਤੇਜ਼ੀ ਵੇਖਣ ਨੂੰ ਮਿਲੀ ਹੈ। ਪਿਛਲੇ 24 ਘੰਟੇ 'ਚ ਕਈ ਮਹੀਨਿਆਂ ਬਾਅਦ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 47 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ 50 ਫ਼ੀਸਦੀ ਤੋਂ ਵੱਧ ਮਾਮਲੇ ਇਕੱਲੇ ਮਹਾਰਾਸ਼ਟਰ ਤੋਂ ਹੀ ਸਾਹਮਣੇ ਆ ਰਹੇ ਹਨ।