ਪੰਜਾਬ ਸਰਕਾਰ ਵਲੋਂ ਜਾਰੀ ਪੇ ਕਮਿਸ਼ਨ ਖ਼ਿਲਾਫ਼ ਡਾਕਟਰ ਦੂਜੇ ਦਿਨ ਵੀ ਡਟੇ, ਦਿੱਤੀ ਚੇਤਾਵਨੀ
ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਪੇ ਕਮਿਸ਼ਨ ਖ਼ਿਲਾਫ਼ ਜਿੱਥੇ ਹਰ ਵਿਭਾਗ ਦੇ ਕਰਮਚਾਰੀ ਖਿਲਾਫ ਹੋ ਗਏ ਹਨ। ਉਥੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਿਹਤ ਵਿਭਾਗ ਦੇ ਸਰਕਾਰੀ ਡਾਕਟਰ ਵੀ ਇਸ ਪੇ ਕਮਿਸ਼ਨ ਦੇ ਖ਼ਿਲਾਫ਼ ਹਨ। ਅੱਜ ਪੰਜਾਬ ਭਰ ਵਿਚ ਸਰਕਾਰੀ ਹਸਪਤਾਲਾਂ ਦੇ ਸਮੁੱਚੇ ਡਾਕਟਰਾਂ ਵੱਲੋਂ ਦੂਜੇ ਦਿਨ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਰਨਾਲਾ: ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਪੇ ਕਮਿਸ਼ਨ ਖ਼ਿਲਾਫ਼ ਜਿੱਥੇ ਹਰ ਵਿਭਾਗ ਦੇ ਕਰਮਚਾਰੀ ਖਿਲਾਫ ਹੋ ਗਏ ਹਨ। ਉਥੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਿਹਤ ਵਿਭਾਗ ਦੇ ਸਰਕਾਰੀ ਡਾਕਟਰ ਵੀ ਇਸ ਪੇ ਕਮਿਸ਼ਨ ਦੇ ਖ਼ਿਲਾਫ਼ ਹਨ। ਅੱਜ ਪੰਜਾਬ ਭਰ ਵਿਚ ਸਰਕਾਰੀ ਹਸਪਤਾਲਾਂ ਦੇ ਸਮੁੱਚੇ ਡਾਕਟਰਾਂ ਵੱਲੋਂ ਦੂਜੇ ਦਿਨ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਡਾਕਟਰਾਂ ਦੀ ਸਟੇਟ ਐਸੋਸੀਏਸ਼ਨ ਦੇ ਸੱਦੇ 'ਤੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਵੱਲੋਂ ਅੱਜ ਇਕ ਦਿਨ ਦੀ ਸੰਕੇਤਕ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਵੱਲੋਂ ਲਾਗੂ ਕੀਤੇ ਪੇ ਕਮਿਸ਼ਨ ਖ਼ਿਲਾਫ਼ ਅਤੇ ਪੰਜਾਬ ਦੇ ਵਿੱਤ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸਿਵਲ ਹਸਪਤਾਲ ਡਾਕਟਰਾਂ ਦਾ ਤਰਕ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਪੇ ਕਮਿਸ਼ਨ ਵਿਚ ਡਾਕਟਰਾਂ ਦਾ ਐੱਨਪੀਏ ਫੰਡ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਫੰਡ ਨੂੰ ਘਟਾਉਣ ਨਾਲ ਇਸ ਪੇ ਕਮਿਸ਼ਨ ਵਿਚ ਉਨ੍ਹਾਂ ਦੀ ਤਨਖਾਹ ਪ੍ਰਤੀ ਸਾਲ ਵਧਣ ਦੀ ਬਜਾਏ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਪੀਏ ਫੰਡ ਵਧਾ ਕੇ 33 ਪ੍ਰਤੀਸ਼ਤ ਕੀਤਾ ਜਾਵੇ। ਡਾਕਟਰਾਂ ਦਾ ਰੋਸ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਫਰੰਟ ਲਾਈਨ 'ਤੇ ਯੋਧੇ ਬਣ ਕੇ ਕੰਮ ਕੀਤਾ। ਪਰ ਸਰਕਾਰ ਨੇ ਉਨ੍ਹਾਂ ਨਾਲ ਇਸ ਪੇ ਕਮਿਸ਼ਨ ਵਿੱਚ ਧੋਖਾ ਕੀਤਾ ਹੈ। ਡਾਕਟਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪੇ ਕਮਿਸ਼ਨ ਨੂੰ ਵਾਪਸ ਕੀਤਾ ਜਾਵੇ।
ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਪ੍ਰਤੀ ਥੋੜੇ ਦਿਨਾਂ ਤੱਕ ਧਿਆਨ ਨਾ ਦਿੱਤਾ ਤਾਂ ਸਟੇਟ ਕਮੇਟੀ ਨਾਲ ਗੱਲ ਕਰਕੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਸਪਤਾਲ ਵਿੱਚ ਦੂਰੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਦਾ ਵੀ ਕਹਿਣਾ ਸੀ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਵੀ ਹੜਤਾਲ ਕਰ ਕੇ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਆਮ ਲੋਕਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ।