ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਅੱਜ ਤੋਂ ਕਰਫਿਊ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਲੌਕਡਾਊਨ ਜਾਰੀ ਹੈ। ਇਸ ਦਰਮਿਆਨ ਬਹੁਤ ਸਾਰੇ ਕੰਮਾਂ ਨੂੰ ਕਾਇਦੇ ਅੰਦਰ ਰਹਿ ਕੇ ਕਰਨ ਦੀ ਢਿੱਲ ਦਿੱਤੀ ਗਈ ਹੈ। ਸੂਬੇ 'ਚ ਅੱਜ ਤੋਂ ਬਸਾਂ ਚਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਬੱਸ ‘ਚ ਸਫ਼ਰ ਕਰਨ ਵਾਲਿਆਂ ਲਈ ਬਹੁਤ ਸਾਰੇ ਨਿਯਮ ਬਣਾਏ ਜਾ ਰਹੇ ਹਨ, ਡਰਾਈਵਰ ਤੇ ਕੰਡਕਟਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਹੁਣ ਆਮ ਬੱਸਾਂ ਵਿੱਚ ਵੀ ਡਰਾਈਵਰ-ਕੰਡਕਟਰ ਦਾ ਵੱਖਰਾ ਕੈਬਿਨ ਹੋਵੇਗਾ।
ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਸਧਾਰਨ ਯਾਤਰੀ ਬੱਸਾਂ ਲਈ ਵੱਖਰਾ ਡਰਾਈਵਰ ਰਹਿਤ ਕੈਬਿਨ ਵਿਵਸਥਾ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ। ਪੰਜਾਬ ਰੋਡਵੇਜ਼ ਦੇ ਸਾਰੇ 18 ਡਿਪੂ ਆਪ੍ਰੇਟਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਪ੍ਰਬੰਧ ਰੋਡਵੇਜ਼ ਵਰਕਸ਼ਾਪ ‘ਚ ਹੀ ਲੋਹੇ ਦੀ ਚਾਦਰ ਲਾ ਕੇ ਕੀਤੇ ਜਾ ਰਹੇ ਹਨ।
ਬਹੁਤ ਸਾਰੀਆਂ ਥਾਵਾਂ ‘ਤੇ ਸਿਰਫ ਲੋਹੇ ਦੇ ਸ਼ੀਟ ਦਾ ਦਰਵਾਜ਼ਾ ਲਗਾਇਆ ਜਾ ਰਿਹਾ ਹੈ, ਬਹੁਤ ਸਾਰੇ ਡਿਪੂਆਂ ‘ਚ ਇੱਕ ਵਿਕਲਪਕ ਪ੍ਰਬੰਧ ਦੇ ਤੌਰ ‘ਤੇ ਲੋਹੇ ਦੀ ਚਾਦਰ ਵਾਲੀ ਸੰਘਣੀ ਪਲਾਸਟਿਕ ਸ਼ੀਟ ਲਾਈ ਜਾ ਰਹੀ ਹੈ। ਫਿਲਹਾਲ ਸਿਰਫ ਏਅਰ ਕੰਡੀਸ਼ਨਡ (ਏ.ਸੀ.) ਤੇ ਐਚ.ਵੀ.ਏ.ਸੀ. ਬੱਸਾਂ ‘ਚ ਵੱਖਰੇ ਡਰਾਈਵਰ ਕੈਬਿਨ ਦਾ ਪ੍ਰਬੰਧ ਸੀ।
ਪੰਜਾਬ 'ਚੋਂ ਕੋਰੋਨਾ ਦਾ ਤੇਜ਼ੀ ਨਾਲ ਖਾਤਮਾ! 82 ਫੀਸਦ ਮਰੀਜ਼ ਹੋਏ ਠੀਕ
ਪੰਜਾਬ ਰੋਡਵੇਜ਼ ਮੈਨੇਜਮੈਂਟ ਵੱਲੋਂ ਆਮ ਬੱਸਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਕੰਡਕਟਰ ਬੱਸ ਨਾਲ ਰੂਟ 'ਤੇ ਰਵਾਨਾ ਹੋਣਗੇ, ਪਰ ਟਿਕਟ ਨਹੀਂ ਕਟਾਈ ਜਾਏਗੀ। ਯਾਤਰੀ ਸਿਰਫ ਆਨਲਾਈਨ ਟਿਕਟ ਦਾ ਪ੍ਰਿੰਟ ਆਉਟ ਲੈ ਕੇ ਯਾਤਰਾ ਕਰ ਸਕਣਗੇ। ਇਸ ਤੋਂ ਇਲਾਵਾ, ਯਾਤਰੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬੱਸ ‘ਚ ਸਵਾਰ ਕੀਤਾ ਜਾਵੇਗਾ ਤੇ ਸਰੀਰਕ ਦੂਰੀ ਨੂੰ ਬੱਸ ਦੇ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਤਿੰਨ ਸੀਟਰ 'ਤੇ ਦੋ ਯਾਤਰੀ ਬੈਠ ਸਕਣਗੇ। ਦੋ ਸੀਟਰ 'ਤੇ ਸਿਰਫ ਇਕ ਯਾਤਰੀ ਬੈਠ ਸਕੇਗਾ।
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਨੇ ਕਿਹਾ ਕਿ
ਇਸ ਵੇਲੇ ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਤਰ ਜ਼ਿਲ੍ਹਾ ਬੱਸ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਸ਼ੁਰੂਆਤ ‘ਚ ਇਹ ਵੀ ਗ੍ਰੀਨ ਜ਼ੋਨ ਤਕ ਸੀਮਤ ਰਹੇਗੀ।-
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ