UPSC Result: ਦੇਸ਼ ਦੀਆਂ ਧੀਆਂ ਹਰ ਖੇਤਰ ਵਿੱਚ ਇਤਿਹਾਸ ਸਿਰਜ ਰਹੀਆਂ ਹਨ। ਹੁਣ ਸਿਵਲ ਸੇਵਾਵਾਂ ਲਈ 2022 ਵਿੱਚ ਹੋਈ ਪ੍ਰੀਖਿਆ ’ਚ ਸਿਖ਼ਰਲੀਆਂ ਚਾਰ ਥਾਵਾਂ ਔਰਤਾਂ ਨੇ ਮੱਲ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਅਹਿਮ ਗੱਲ ਇਹ ਹੈ ਕਿ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਇਸ਼ਿਤਾ ਕਿਸ਼ੋਰ ਇਸ ਵਾਰ ਦੇ ਨਤੀਜਿਆਂ ਵਿੱਚ ਟੌਪਰ ਰਹੀ ਹੈ। 


ਦੱਸ ਦਈਏ ਕਿ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਗਰਿਮਾ ਲੋਹੀਆ, ਉਮਾ ਹਰਾਤੀ ਐਨ ਤੇ ਸਮ੍ਰਿਤੀ ਮਿਸ਼ਰਾ ਨੇ ਕ੍ਰਮਵਾਰ ਦੂਜਾ, ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ। ਲੋਹੀਆ ਤੇ ਮਿਸ਼ਰਾ ਵੀ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਜਦਕਿ ਉਮਾ ਆਈਆਈਟੀ-ਹੈਦਰਾਬਾਦ ਤੋਂ ਬੀਟੈਕ ਡਿਗਰੀ ਹੋਲਡਰ ਹੈ।



ਇਹ ਵੀ ਅਹਿਮ ਹੈ ਕਿ ਲਗਾਤਾਰ ਦੂਜੇ ਸਾਲ ਮਹਿਲਾ ਉਮੀਦਵਾਰਾਂ ਨੇ ਇਸ ਵੱਕਾਰੀ ਪ੍ਰੀਖਿਆ ਵਿੱਚ ਚੋਟੀ ਦੀਆਂ ਤਿੰਨ ਥਾਵਾਂ ’ਤੇ ਕਬਜ਼ਾ ਕੀਤਾ ਹੈ। ਸਿਵਲ ਸੇਵਾਵਾਂ ਪ੍ਰੀਖਿਆ-2021 ਵਿੱਚ ਸ਼ਰੁਤੀ ਸ਼ਰਮਾ, ਅੰਕਿਤਾ ਅਗਰਵਾਲ ਤੇ ਗਾਮਿਨੀ ਸਿੰਗਲਾ ਨੇ ਪਹਿਲੀ, ਦੂਜੀ ਤੇ ਤੀਜੀ ਥਾਂ ਮੱਲੀ ਸੀ। ਕਮਿਸ਼ਨ ਮੁਤਾਬਕ 933 ਉਮੀਦਵਾਰਾਂ ਨੇ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ 613 ਪੁਰਸ਼ ਤੇ 320 ਔਰਤਾਂ ਹਨ। ਅਹਿਮ ਗੱਲ ਹੈ ਕਿ ਸਿਖ਼ਰਲੇ 25 ਉਮੀਦਵਾਰਾਂ ਵਿੱਚ 14 ਮਹਿਲਾਵਾਂ ਤੇ 11 ਪੁਰਸ਼ ਹਨ। ਯੂਪੀਐਸਸੀ ਇਨ੍ਹਾਂ ਪ੍ਰੀਖਿਆਵਾਂ ਰਾਹੀਂ ਆਈਏਐਸ, ਆਈਐਫਐਸ ਤੇ ਆਈਪੀਐਸ ਦੀ ਚੋਣ ਕਰਦੀ ਹੈ। 



ਪਹਿਲਾ ਸਥਾਨ ਹਾਸਲ ਕਰਨ ਵਾਲੀ ਇਸ਼ਿਤਾ ਕਿਸ਼ੋਰ ਨੇ ਚੋਣਵੇਂ ਵਿਸ਼ਿਆਂ ਵਜੋਂ ਰਾਜਨੀਤੀ ਵਿਗਿਆਨ ਤੇ ਕੌਮਾਂਤਰੀ ਸਬੰਧ ਵਿਸ਼ੇ ਲਏ ਸਨ। ਉਹ ਦਿੱਲੀ ਯੂਨੀਵਰਸਿਟੀ ਦੇ ਉੱਘੇ ਸ੍ਰੀ ਰਾਮ ਕਾਲਜ ਆਫ ਕਾਮਰਸ ਤੋਂ ਅਰਥਸ਼ਾਸਤਰ (ਆਨਰਜ਼) ਵਿਚਗ੍ਰੈਜੂਏਟ ਹੈ। ਦੂਜਾ ਰੈਂਕ ਹਾਸਲ ਕਰਨ ਵਾਲੀ ਗਰਿਮਾ ਲੋਹੀਆ ਦਿੱਲੀ ਯੂਨੀਵਰਸਿਟੀ ਦੇ ਹੀ ਕਿਰੋੜੀਮਲ ਕਾਲਜ ਤੋਂ ਕਾਮਰਸ ਦੀ ਗ੍ਰੈਜੂਏਟ ਹੈ। ਉਸ ਨੇ ਚੋਣਵੇਂ ਵਿਸ਼ਿਆਂ ਵਜੋਂ ਕਾਮਰਸ ਤੇ ਅਕਾਊਂਟੈਂਸੀ ਲਏ ਸਨ। ਤੀਜੇ ਸਥਾਨ ਉਤੇ ਰਹਿਣ ਵਾਲੀ ਹਰਾਤੀ ਐੱਨ. ਨੇ ਆਈਆਈਟੀ-ਹੈਦਰਾਬਾਦ ਤੋਂ ਸਿਵਿਲ ਇੰਜਨੀਅਰਿੰਗ ਕੀਤੀ ਹੈ। ਉਸ ਨੇ ਐਂਥਰੋਪੌਲੋਜੀ ਚੋਣਵੇਂ ਵਿਸ਼ੇ ਵਜੋਂ ਲਿਆ ਸੀ। ਸਮ੍ਰਿਤੀ ਮਿਸ਼ਰਾ ਨੇ ਦਿੱਲੀ ’ਵਰਸਿਟੀ ਦੇ ਹੀ ਮਿਰਾਂਡਾ ਹਾਊਸ ਕਾਲਜ ਤੋਂ ਬੀਐੱਸਸੀ ਕੀਤੀ ਹੈ, ਤੇ ਜ਼ੁਆਲੋਜੀ ਨੂੰ ਚੋਣਵੇਂ ਵਿਸ਼ੇ ਵਜੋਂ ਲੈ ਕੇ ਚੌਥਾ ਸਥਾਨ ਹਾਸਲ ਕੀਤਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI