ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਪੱਖੀ ਖੁਰਦ ਦੀ ਹਰਜੋਤ ਕੌਰ ਨੂੰ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ। ਹਰਜੋਤ ਨੇ 10ਵੀਂ ਜਮਾਤ ਦੇ ਇਮਤਿਹਾਨਾਂ ਦੌਰਾਨ 99.2% ਅੰਕ ਪ੍ਰਾਪਤ ਕਰ ਪੂਰੇ ਦੇਸ਼ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਸੀ। ਹੁਣ ਹਰਜੋਤ ਨੂੰ ਉਸ ਦੀ ਸਖ਼ਤ ਮਿਹਨਤ ਦਾ ਇਨਾਮ ਮਿਲਣ ਵਾਲਾ ਹੈ। ਹਰਜੋਤ ਨੂੰ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ।

ਹਰਜੋਤ ਕੌਰ ਇਸ ਸਮੇਂ ਸ਼ਹਿਰ ਦੇ ਬਾਬਾ ਫ਼ਰੀਦ ਪਬਲਿਕ ਸਕੂਲ 'ਚ 11ਵੀਂ ਜਮਾਤ ਦੀ ਵਿਦਿਆਰਥਣ ਹੈ। ਪਿਛਲੇ ਸਾਲ ਉਸ ਨੇ ਸੀਬੀਐਸਈ ਬੋਰਡ ਦੇ 10ਵੀਂ ਦੇ ਇਮਤਿਹਾਨ ਵਿੱਚੋਂ 99.2 ਫ਼ੀਸਦ ਅੰਕ ਹਾਸਲ ਕੀਤੇ ਸਨ। ਹਰਜੋਤ ਦਾ ਰਿਕਾਰਡ ਰਿਹਾ ਹੈ ਕਿ ਉਸ ਨੇ ਹਾਲੇ ਤਕ ਕੋਈ ਵੀ ਟਿਊਸ਼ਨ ਨਹੀਂ ਲਾਈ ਤੇ ਉਹ ਲਗਾਤਾਰ ਸਾਰੀਆਂ ਜਮਾਤਾਂ 'ਚੋਂ ਅੱਵਲ ਆ ਰਹੀ ਹੈ।



ਹੁਸ਼ਿਆਰ ਵਿਦਿਆਰਥਣ ਹਰਜੋਤ ਕੌਰ ਬਹੁਤ ਖੁਸ਼ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਦਿੱਤਾ। ਉਸ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ ਤੇ ਇੱਕ ਦਿਨ ਆਈਏਐਸ ਬਣ ਕੇ ਦੇਸ਼ ਦੀ ਸੇਵਾ ਕਰੇਗੀ।

ਹਰਜੋਤ ਦੇ ਪਿਤਾ ਤੇ ਸੇਵਾਮੁਕਤ ਫ਼ੌਜੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੀ ਬੇਟੀ ਦੀ ਇਸ ਪ੍ਰਾਪਤੀ 'ਤੇ ਬਹੁਤ ਮਾਣ ਹੈ। ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਵੀ ਆਪਣੀ ਸਟੂਡੈਂਟ ਦੀ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕੀਤੀ ਤੇ ਹੋਰਨਾਂ ਵਿਦਿਆਰਥੀਆਂ ਲਈ ਵੀ ਮਿਸਾਲ ਦੱਸਿਆ।

Education Loan Information:

Calculate Education Loan EMI