ਨਵੀਂ ਦਿੱਲੀ: ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਖਰੀਦਣ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਹੁਣ ਨਿੱਜੀ ਸਕੂਲ ਪ੍ਰਮਾਣਤ ਸੰਸਥਾਵਾਂ ਵੱਲੋਂ ਪ੍ਰਕਾਸ਼ਤ ਕਿਤਾਬਾਂ ਹੀ ਬੱਚਿਆਂ ਨੂੰ ਪੜ੍ਹਾ ਸਕਣਗੇ। ਇਸ ਫੈਸਲੇ ਦੀ ਪਾਲਣਾ ਨਾ ਕਰਨ ਵਾਲੇ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।
ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਿਰਫ ਐਨਸੀਆਰਟੀ, ਸੀਆਈਐਸਸੀਈ ਜਾਂ ਸਬੰਧਤ ਬੋਰਡਾਂ ਵੱਲੋਂ ਪ੍ਰਮਾਣਤ ਸੰਸਥਾਵਾਂ ਵੱਲੋਂ ਪ੍ਰਮਾਣਤ ਕਿਤਾਬਾਂ ਲਾਉਣ ਦੇ ਹੁਕਮ ਦਿੱਤੇ ਗਏ ਹਨ। ਨਿੱਜੀ ਪ੍ਰਕਾਸ਼ਕਾਂ ਦੀਆਂ ਮਹਿੰਗੀਆਂ ਕਿਤਾਬਾਂ ਸਕੂਲ ਪ੍ਰਬੰਧਕ ਖਰੀਦਦੇ ਹਨ ਤਾਂ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ ਨੇ ਇਸ ਸਬੰਧੀ ਸੀਬੀਐਸਈ, ਆਈਸੀਐਸਸਈ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੇ ਨਿੱਜੀ ਸਕੂਲਾਂ ਦੇ ਮੈਨੇਜਮੈਂਟ ਨੂੰ ਚਿੱਠੀ ਜਾਰੀ ਕਰ ਦਿੱਤੀ ਹੈ।
ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਕੁਝ ਨਿੱਜੀ ਸਕੂਲਾਂ ਵੱਲੋਂ ਆਪਣੇ ਵਿਦਿਆਰਥੀਆਂ ਲਈ ਨਿੱਜੀ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਕਿਤਾਬਾਂ ਲਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਇਹ ਕਿਤਾਬਾਂ ਤੇ ਵਰਦੀਆਂ ਕੁਝ ਖਾਸ ਦੁਕਾਨਾਂ ਤੋਂ ਖਰੀਦਣ ਲਈ ਕਿਹਾ ਜਾਂਦਾ ਹੈ।
ਇਹ ਕਿਤਾਬਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮਹਿੰਗੇ ਭਾਅ 'ਤੇ ਖਰੀਦਣੀਆਂ ਪੈਂਦੀਆਂ ਹਨ। ਇਸ ਬਾਰੇ ਸ਼ਿਕਾਇਤਾਂ ਮਿਲਣ ਮਗਰੋਂ ਹੀ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਖਾਸ ਦੁਕਾਨਾਂ, ਫਰਮਾਂ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਮਜਬੂਰ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
Education Loan Information:
Calculate Education Loan EMI