ਚੰਡੀਗੜ੍ਹ: ਰਾਸ਼ਟਰੀ ਭਾਰਤੀ ਮਿਲਟਰੀ ਕਾਲਜ (ਆਰ.ਆਈ.ਐਮ.ਸੀ.) ਦੇਹਰਾਦੂਨ, ਉੱਤਰਾਖੰਡ ਨੇ ਜੁਲਾਈ 2023 ਦੀ ਟਰਮ ਲਈ ਅੱਠਵੀਂ ਜਮਾਤ ਵਿੱਚ ਦਾਖਲੇ ਵਾਸਤੇ ਲੜਕੇ ਅਤੇ ਲੜਕੀਆਂ ਦੋਵਾਂ ਤੋਂ ਅਰਜ਼ੀਆਂ ਮੰਗੀਆਂ ਹਨ। ਦਾਖਲੇ ਲਈ ਲਿਖਤੀ ਪ੍ਰੀਖਿਆ 3 ਦਸੰਬਰ, 2022 (ਸ਼ਨੀਵਾਰ) ਨੂੰ ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕਰਵਾਈ ਜਾਵੇਗੀ। ਇਹ ਜਾਣਕਾਰੀ ਅੱਜ ਇੱਥੇ ਰੱਖਿਆ ਸੇਵਾਵਾਂ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ ਸਤਿੰਦਰ ਸਿੰਘ (ਸੇਵਾਮੁਕਤ) ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਉਮਰ ਸਾਢੇ 11 ਸਾਲ ਤੋਂ ਘੱਟ ਅਤੇ 1 ਜੁਲਾਈ 2023 ਨੂੰ 13 ਸਾਲ ਦੀ ਨਹੀਂ ਹੋਣੀ ਚਾਹੀਦੀ।ਭਾਵ ਉਨ੍ਹਾਂ ਦਾ ਜਨਮ 2 ਜੁਲਾਈ 2010 ਤੋਂ ਪਹਿਲਾਂ ਅਤੇ 1 ਜਨਵਰੀ, 2012 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ।ਉਹ ਜਾਂ ਤਾਂ ਸੱਤਵੀਂ ਜਮਾਤ ਵਿੱਚ ਪੜ੍ਹ ਰਹੇ ਹੋਣੇ ਚਾਹੀਦੇ ਹਨ ਜਾਂ RIMC ਵਿੱਚ ਦਾਖਲੇ ਦੇ ਸਮੇਂ ਭਾਵ 1 ਜੁਲਾਈ 2023 ਨੂੰ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਸੱਤਵੀਂ ਜਮਾਤ ਪਾਸ ਕਰ ਚੁੱਕੇ ਹੋਣ।
ਲਿਖਤੀ ਇਮਤਿਹਾਨ ਵਿੱਚ ਅੰਗਰੇਜ਼ੀ, ਗਣਿਤ ਅਤੇ ਆਮ ਗਿਆਨ ਸਮੇਤ ਤਿੰਨ ਪੇਪਰ ਸ਼ਾਮਲ ਹੋਣਗੇ, ਜਦੋਂ ਕਿ ਜਬਾਨੀ ਪ੍ਰੀਖਿਆ/ਇੰਟਰਵਿਊ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਹੋਵੇਗਾ ਜੋ ਲਿਖਤੀ ਪ੍ਰੀਖਿਆ ਵਿੱਚ ਕੁਆਲੀਫਾਈ ਕਰਦੇ ਹਨ ਅਤੇ ਜ਼ੁਬਾਨੀ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ ਦੱਸੀ ਜਾਵੇਗੀ।ਉਹਨਾਂ ਅੱਗੇ ਕਿਹਾ ਕਿ ਇੰਟਰਵਿਊ ਸਮੇਤ ਹਰੇਕ ਪੇਪਰ ਵਿੱਚ ਘੱਟੋ ਘੱਟ ਪਾਸ ਅੰਕ 50 ਫ਼ੀਸਦ ਹੋਣਗੇ।
ਡਾਇਰੈਕਟਰ ਨੇ ਕਿਹਾ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in 'ਤੇ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਲਈ 555 ਰੁਪਏ ਦਾ ਆਨਲਾਈਨ ਭੁਗਤਾਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁਗਤਾਨ ਪ੍ਰਾਪਤ ਹੋਣ 'ਤੇ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਮੀਦਵਾਰ ਡਿਮਾਂਡ ਡਰਾਫਟ ਰਾਹੀਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555 ਰੁਪਏ ਦਾ ਬੈਂਕ ਡਰਾਫਟ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਸਟੇਟ ਬੈਂਕ ਆਫ ਇੰਡੀਆਂ ਤੇਲ ਭਵਨ (ਕੋਡ 01576) ਉਤਰਾਖੰਡ ਭੇਜ ਕੇ ਵੀ ਮੰਗਵਾਏ ਜਾ ਸਕਦੇ ਹਨ।
ਆਪਣੇ ਪਤੇ ਸਮੇਤ ਪਿੰਡ ਕੋਡ ਅਤੇ ਸੰਪਰਕ ਨੰਬਰ ਸਾਫ-ਸਾਫ ਵੱਡੇ ਅੱਖਰਾ ਵਿੱਚ ਟਾਈਪ ਕੀਤਾ ਹੋਵੇ। ਡਾਕ ਦੇਰੀ ਜਾਂ ਆਵਾਜਾਈ ਦੌਰਾਨ ਪ੍ਰਾਸਪੈਕਟਸ ਗੁੰਮ ਜਾਂ ਅਧੂਰੇ ਪਤੇ ਸਬੰਧੀ ਆਰ.ਆਈ.ਐਮ.ਸੀ. ਜਿੰਮੇਵਾਰ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਅਰਜ਼ੀ ਦੋ ਪਰਤਾਂ ਵਿਚ ਹੋਵੇ ਜਿਸ ਦੇ ਨਾਲ ਤਿੰਨ ਪਾਸ ਪੋਰਟ ਸਾਈਜ ਫੋਟੋਆਂ, ਜਿਸ ਸੰਸਥਾ ਵਿੱਚ ਪੜ੍ਹਦਾ ਹੋਵੇ ਦੁਆਰਾ ਤਸਦੀਕਸ਼ੁੱਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫਿਕੇਟ, ਅਨਸੂਚਿਤ/ਅਨਸੂਚਿਤ ਜਨਜਾਤੀਆਂ ਦੇ ਉਮੀਦਵਾਰਾਂ ਵੱਲੋਂ ਜਾਤੀ ਸਰਟੀਫਿਕੇਟ, ਜਿਥੇ ਬੱਚਾ ਪੜ੍ਹਾਈ ਕਰ ਰਿਹਾ ਹੋਵੇ ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਦੀ ਤਾਰੀਖ ਅਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਏ ਜਰੂਰੀ ਹਨ।
ਜ਼ਿਕਰਯੋਗ ਹੈ ਕਿ ਅਰਜ਼ੀਆਂ 15 ਅਕਤੂਬਰ, 2022 ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਚੰਡੀਗੜ੍ਹ ਦੇ ਸੈਕਟਰ 21 ਡੀ ਸਥਿਤ ਸੈਨਿਕ ਭਵਨ ਵਿਖੇ ਪਹੁੰਚਣੀਆਂ ਜ਼ਰੂਰੀ ਹਨ। 15 ਅਕਤੂਬਰ, 2022 ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
Education Loan Information:
Calculate Education Loan EMI