ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਸਾਡੇ ਦੇਸ਼ ਲਈ ਕਿਹਾ ਜਾਂਦਾ ਹੈ ਕਿ ਭਾਰਤ 'ਚ ਮਹਿਮਾਨ ਨੂੰ ਰੱਬ ਸਮਾਨ ਮੰਨਿਆ ਜਾਂਦਾ ਹੈ ਪਰ ਇਹ ਕਿਹੋ ਜਿਹਾ ਮਹਿਮਾਨ ਹੋਇਆ ਜਿਸ ਦੇ ਸਵਾਗਤ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਜਿਸ ਦੇ ਸਵਾਗਤ 'ਚ ਝੁੱਗੀਆਂ ਨੂੰ ਲੁਕਾਉਣ ਲਈ ਲੰਬੀ ਕੰਧ ਖੜ੍ਹੀ ਕਰਨੀ ਪੈ ਜਾਵੇ, ਝੁੱਗੀਆਂ 'ਚ ਰਹਿਣ ਵਾਲਿਆਂ ਨੂੰ ਉੱਥੋਂ ਜਾਣ ਦਾ ਫਰਮਾਨ ਦੇ ਦਿੱਤਾ ਜਾਵੇ। ਇੰਨਾ ਸਭ ਹੋਣ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਕੀ ਇਹ ਮਹਿਮਾਨ ਨਵਾਜ਼ੀ ਹੈ ਜਾਂ ਸ਼ਹਿਰ ਨੂੰ ਡਵੈਲਪ ਤੇ ਸਾਫ਼-ਸੁਧਰਾ ਵਿਖਾਉਣ ਦੀ ਜ਼ਿੱਦ, ਜਿਸ ਨੇ ਹਾਲ ਹੀ 'ਚ ਜਨਮ ਲਿਆ।

ਇੱਥੇ ਗੱਲ ਹੋ ਰਹੀ ਹੈ ਡੋਨਾਲਡ ਟਰੰਪ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਭਾਰਤੀ ਦੌਰੇ ਦੀ। ਜਿਨ੍ਹਾਂ ਦੇ ਸਵਾਗਤ ਲਈ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ਪਹੁੰਚਣਗੇ। ਸਿਰਫ ਇੰਨਾ ਹੀ ਨਹੀਂ, ਇਸੇ ਤਰਜ਼ 'ਤੇ ਅਹਿਮਦਾਬਾਦ ਦੀਆਂ ਸੜਕਾਂ ਨੂੰ ਸਜਾਇਆ ਜਾ ਰਿਹਾ ਹੈ। ਖ਼ੈਰ ਦੱਸ ਦਈਏ ਕਿ ਇਸ ਤੋਂ ਇਲਾਵਾ ਵੀ ਕਈ ਮੁੱਦਿਆਂ ਕਰਕੇ ਇਹ ਦੌਰਾ ਸੁਰਖੀਆਂ 'ਚ ਹੈ।

ਝੁੱਗੀਆਂ ਨੂੰ ਢੱਕਣ ਲਈ ਕੰਧ: ਡੋਨਾਲਡ ਟਰੰਪ ਦੇ ਸਵਾਗਤ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ ਨਗਰ ਨਿਗਮ ਨੇ ਸਰਦਾਰ ਵੱਲਭਭਾਈ ਪਟੇਲ ਏਅਰਪੋਰਟ ਤੋਂ ਇੰਦਰਾ ਬ੍ਰਿਜ ਨੂੰ ਜੋੜਦੀ ਸੜਕ ਕਿਨਾਰੇ ਝੁੱਗੀਆਂ ਦੇ ਸਾਹਮਣੇ ਇੱਕ ਕੰਧ ਬਣਾਈ ਹੈ। ਮਨੋਰਥ ਸਾਫ਼ ਹੈ ਕਿ ਕੰਧ ਦੇ ਨਿਰਮਾਣ ਨਾਲ ਲੋਕ ਇਨ੍ਹਾਂ ਖੇਤਰਾਂ 'ਚ ਝੌਪੜੀਆਂ ਤੇ ਕੱਚੇ ਮਕਾਨਾਂ ਨੂੰ ਨਹੀਂ ਦੇਖ ਸਕਣਗੇ। ਇੱਥੇ ਤਕਰੀਬਨ ਦੋ ਹਜ਼ਾਰ ਲੋਕ ਰਹਿੰਦੇ ਹਨ।

45 ਪਰਿਵਾਰਾਂ ਨੂੰ ਬਸਤੀ ਖਾਲੀ ਕਰਨ ਦੇ ਹੁਕਮ: ਟਰੰਪ ਦੀ ਯਾਤਰਾ ਲਗਪਗ 45 ਪਰਿਵਾਰਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ। ਟਰੰਪ ਦੇ ਦੌਰੇ ਕਾਰਨ ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਨੇੜੇ ਝੁੱਗੀਆਂ 'ਚ ਰਹਿਣ ਵਾਲੇ 45 ਪਰਿਵਾਰ ਬੇਘਰ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਹਿਮਦਾਬਾਦ ਨਗਰ ਨਿਗਮ ਨੇ 45 ਪਰਿਵਾਰਾਂ ਨੂੰ ਆਪਣੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਦਿੱਤਾ ਹੈ। ਜਦਕਿ ਨਗਰ ਨਿਗਮ ਨੇ ਅਜਿਹਾ ਨੋਟਿਸ ਦੇਣ ਦੀ ਖ਼ਬਰ ਤੋਂ ਇਨਕਾਰ ਕੀਤਾ ਹੈ।

ਡੋਨਾਲਡ ਟਰੰਪ ਨੂੰ ਬਦਬੂ ਨਾ ਆਵੇ ਇਸ ਲਈ ਯਮੁਨਾ ਵਿੱਚ ਮਿਲਾਇਆ ਜਾ ਰਿਹਾ ਗੰਗਾ ਦਾ ਪਾਣੀ: ਜਦੋਂ ਗਰੀਬ ਤੇ ਗਰੀਬੀ ਛੁਪ ਜਾਂਦੀ ਹੈ, ਤਾਂ ਪ੍ਰਸ਼ਾਸਨ ਦੀ ਅਗਲੀ ਜ਼ਿੰਮੇਵਾਰੀ ਹੋਵੇਗੀ ਕਿ ਕਿਵੇਂ ਭਾਰਤ ਦੀਆਂ ਗੰਦੀਆਂ ਨਦੀਆਂ ਨੂੰ ਲੁਕਾਇਆ ਜਾਵੇ। ਇਸ ਲਈ ਪ੍ਰਬੰਧ ਵੀ ਕੀਤੇ ਗਏ ਹਨ।

ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਇੱਕ ਵਿਲੱਖਣ ਫਾਰਮੂਲਾ ਅਪਣਾਇਆ ਹੈ। ਯਮੁਨਾ ਦੀ ਸਫਾਈ ਅਜੇ ਤੱਕ ਨਹੀਂ ਕੀਤੀ ਗਈ ਇਹ ਇੱਕ ਤੱਥ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਯਮੁਨਾ 'ਚ ਬੁਲੰਦਸ਼ਹਿਰ ਦੀ ਗੰਗਾ ਨਹਿਰ ਵਿੱਚੋਂ 500 ਕਿਉਸਿਕ ਪਾਣੀ ਛੱਡਿਆ ਜਾਵੇਗਾ ਤਾਂ ਜੋ ਯਮੁਨਾ ਥੋੜੀ ਸਾਫ ਦਿਖਾਈ ਦੇਵੇ ਤੇ ਵਹਿੰਦੇ ਪਾਣੀ ਨਾਲ ਮੁਸ਼ਕ ਘਟੇਗੀ।