ਕਿਸਾਨ ਦਾ 27 ਸਤੰਬਰ ਨੂੰ ਇਤਿਹਾਸਕ ਐਕਸ਼ਨ, ਮਜ਼ਦੂਰ, ਕਰਮਚਾਰੀ, ਵਿਦਿਆਰਥੀ, ਟਰਾਂਸਪੋਰਟ ਤੇ ਵਪਾਰੀ ਜਥੇਬੰਦੀਆਂ ਵੀ ਕੀਤੇ ਵੱਡੇ ਐਲਾਨ
ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ 27 ਸਤੰਬਰ ਨੂੰ ਵੱਡਾ ਐਕਸ਼ਨ ਕਰ ਰਹੇ ਹਨ। ਬੇਸ਼ੱਕ ਕਿਸਾਨ ਜਥੇਬੰਦੀਆਂ ਪਹਿਲਾਂ ਵੀ ਭਾਰਤ ਬੰਦ ਕਰ ਚੁੱਕੀਆਂ ਹਨ ਪਰ ਇਸ ਵਾਰ ਤਿਆਰੀ ਵੱਡੇ ਪੱਧਰ ਉਪਰ ਕੀਤੀ ਗਈ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ 27 ਸਤੰਬਰ ਨੂੰ ਵੱਡਾ ਐਕਸ਼ਨ ਕਰ ਰਹੇ ਹਨ। ਬੇਸ਼ੱਕ ਕਿਸਾਨ ਜਥੇਬੰਦੀਆਂ ਪਹਿਲਾਂ ਵੀ ਭਾਰਤ ਬੰਦ ਕਰ ਚੁੱਕੀਆਂ ਹਨ ਪਰ ਇਸ ਵਾਰ ਤਿਆਰੀ ਵੱਡੇ ਪੱਧਰ ਉਪਰ ਕੀਤੀ ਗਈ ਹੈ। ਕਿਸਾਨ ਲੀਡਰ ਹਨਨ ਮੌਲਾ ਨੇ ਕਿਹਾ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਯੂਨੀਅਨਾਂ, ਕਰਮਚਾਰੀਆਂ ਤੇ ਵਿਦਿਆਰਥੀ ਯੂਨੀਅਨਾਂ, ਔਰਤਾਂ ਦੀਆਂ ਜਥੇਬੰਦੀਆਂ, ਟਰਾਂਸਪੋਰਟਰ ਐਸੋਸੀਏਸ਼ਨਾਂ ਨੂੰ ਮੋਰਚਿਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ 27 ਸਤੰਬਰ ਦਾ ਐਕਸ਼ਨ ਇਤਿਹਾਸਕ ਹੋਏਗਾ ਜਿਹੜਾ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ।
ਉਧਰ, ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਭਰਾਤਰੀ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ। ਸੰਯੁਕਤ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਲਈ ਕਿਸਾਨ, ਮਜ਼ਦੂਰ, ਆੜ੍ਹਤੀਆਂ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਦੁਕਾਨਦਾਰ, ਛੋਟੇ ਕਾਰੋਬਾਰੀ, ਵਪਾਰੀ, ਸਾਹਿਤਕਾਰ, ਰੰਗਕਰਮੀਆਂ, ਦੋਧੀਆਂ ਸਮੇਤ ਸਾਰੇ ਵਰਗਾਂ ਵੱਲੋਂ ਸਾਂਝੀਆਂ ਮੀਟਿੰਗਾਂ ਜਾਰੀ ਹਨ।
ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨਾਲ ਵਪਾਰ ਮੰਡਲ ਦੀ ਮੀਟਿੰਗ ਦੌਰਾਨ 27 ਸਤੰਬਰ ਦੇ ਭਾਰਤ ਬੰਦ ਲਈ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਵੱਲੋਂ ਵਪਾਰ ਮੰਡਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ ਸਮੇਤ ਹੋਰ ਆਗੂਆਂ ਨਾਲ ਮੁਲਕਾਤ ਕਰਕੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰੱਖੇ 27 ਸਤੰਬਰ ਦੇ ਭਾਰਤ ਬੰਦ ਲਈ ਹਮਾਇਤ ਦੀ ਮੰਗ ਕੀਤੀ ਗਈ।
ਸਾਂਝੀ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਪਾਰ ਮੰਡਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀ ਨੇ ਇਸ ਬੰਦ ਦਾ ਸਮਰਥਨ ਕਰਨ ਦਾ ਬਾਕਾਇਦਾ ਐਲਾਨ ਕੀਤਾ। ਇਸੇ ਦੌਰਾਨ ਇੱਕ ਵੱਖਰੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਨੇ ਵੀ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ।
ਦੱਸ ਦਈਏ ਕਿ ਪੁਲਿਸ ਵੱਲੋਂ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਮਗਰੋਂ ਲੱਖਾਂ ਕਿਸਾਨਾਂ ਨੂੰ ਰਾਜਧਾਨੀ ਦੀਆਂ ਹੱਦਾਂ ’ਤੇ ਬੈਠਿਆਂ ਬੁੱਧਵਾਰ ਨੂੰ 300 ਦਿਨ ਹੋ ਗਏ ਹਨ। ਵਿਰੋਧ ਕਰ ਰਹੇ ਕਿਸਾਨ ਸ਼ਾਂਤੀ ਨਾਲ ਖੇਤੀਬਾੜੀ ’ਤੇ ਕਾਰਪੋਰੇਟ ਕਬਜ਼ੇ ਵਿਰੁੱਧ ਆਪਣੇ ਵਿਰੋਧ ਦਾ ਸੰਚਾਰ ਕਰ ਰਹੇ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ 26 ਨਵੰਬਰ 2020 ਤੋਂ ਕਿਸਾਨ ਰਾਜ ਮਾਰਗਾਂ ਉਤੇ ਬੈਠੇ ਹਨ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਪੱਸ਼ਟ ਹਨ ਤੇ ਮੋਦੀ ਸਰਕਾਰ ਨੂੰ ਪਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪਰ ਇਸ ਦੇ ਬਾਵਜੂਦ ਸਰਕਾਰ ਸਹਿਮਤ ਨਹੀਂ ਹੋ ਰਹੀ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਇਤਿਹਾਸਕ ਅੰਦੋਲਨ ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੀ ਇੱਛਾ, ਸੰਕਲਪ ਤੇ ਉਮੀਦ ਦੀ ਗਵਾਹੀ ਭਰਦਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਰਚਾ ਅੰਦੋਲਨ ਨੂੰ ਮਜ਼ਬੂਤ ਕਰਨ, ਅੱਗੇ ਵਧਣ ਤੇ ਇਸ ਨੂੰ ਵਧੇਰੇ ਵਿਆਪਕ ਬਣਾਉਣ ਦਾ ਅਹਿਦ ਵੀ ਲੈਂਦਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 27 ਸਤੰਬਰ ਨੂੰ ‘ਭਾਰਤ ਬੰਦ’ ਨੂੰ ਸਫਲ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ।