ਚੰਡੀਗੜ੍ਹ: ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਨੂੰ ਹਿਮਾਚਲ ਦੇ ਕਸੌਲ ਕੋਲ ਗ੍ਰਿਫਤਾਰ ਕੀਤਾ, ਜਿਸ ਨੇ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਅਧਾਰਤ ਗੋਲਡੀ ਬਰਾੜ ਦੇ ਦਿਸ਼ਾ ਨਿਰਦੇਸ਼ 'ਤੇ ਯੋਜਨਾਬੰਦੀ ਦੇ ਨਾਲ-ਨਾਲ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਭਲਵਾਨ ਦੇ ਕਾਤਲਾਂ ਨੂੰ ਪਨਾਹ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਫੜੇ ਗਏ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਉਰਫ ਪੱਡਾ ਉਰਫ ਗਗਨ ਬਰਾੜ ਵਜੋਂ ਹੋਈ ਹੈ।ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਗੋਲਡੀ ਬਰਾੜ ਨੇ ਗੈਂਗਸਟਰ ਬਿਸ਼ਨੋਈ ਦੀ ਮਦਦ ਨਾਲ ਉਸ ਦੇ ਚਚੇਰਾ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਲਈ ਇਸ ਕਤਲ ਦੀ ਪਲੈਨਿੰਗ ਕੀਤੀ ਸੀ।
ਕਤਲ ਤੋਂ ਕੁਝ ਘੰਟਿਆਂ ਬਾਅਦ, ਗੈਂਗਸਟਰ ਲਾਰੈਂਸ ਬਿਸ਼ਨੋਈ, ਜੋ ਇਸ ਸਮੇਂ ਰਾਜਸਥਾਨ ਦੀ ਅਜਮੇਰ ਜੇਲ੍ਹ ਵਿੱਚ ਹੈ, ਦੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਦੇ ਅਧਾਰ 'ਤੇ ਇਹ ਅਪਰਾਧ ਨੂੰ ਗੁਰਲਾਲ ਬਰਾੜ ਦੀ ਮੌਤ ਨਾਲ ਜੁੜਦਾ ਹੈ। 21 ਫਰਵਰੀ ਨੂੰ, ਦਿੱਲੀ ਪੁਲਿਸ ਨੇ ਇਸ ਕਤਲ ਵਿੱਚ ਸ਼ਾਮਲ 3 ਵਿਅਕਤੀਆਂ ਗੁਰਵਿੰਦਰ ਪਾਲ ਉਰਫ ਗੋਰਾ, ਸੁਖਵਿੰਦਰ ਢਿੱਲੋਂ ਅਤੇ ਸੌਰਭ ਵਰਮਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅਗਲੇ ਹੀ ਦਿਨ ਪੰਜਾਬ ਪੁਲਿਸ ਨੇ ਉਸ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਮਾਮਲੇ ਵਿੱਚ ਘਨਿਆ ਵਾਲਾ ਪਿੰਡ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਾਂਚ ਵਿੱਚ ਪਤਾ ਲੱਗਿਆ ਕਿ ਗੁਰਵਿੰਦਰ ਪਾਲ ਖਰੜ ਵਿੱਚ ਗਗਨ ਬਰਾੜ ਨਾਲ ਇੱਕ ਫਲੈਟ 'ਚ ਰਹਿੰਦਾ ਸੀ ਅਤੇ ਖਰੜ ਵਿਖੇ ਗਗਨ ਬਰਾੜ ਦੇ ਇਸ ਕਿਰਾਏ ਦੇ ਮਕਾਨ ਵਿੱਚ ਸਾਜਿਸ਼ ਰਚੀ ਗਈ ਸੀ। ਗਗਨ, ਗੋਲਡੀ ਬਰਾੜ ਦਾ ਕਰੀਬੀ ਸਹਿਯੋਗੀ ਹੋਣ ਕਰਕੇ ਇਸ ਨੂੰ ਕਤਲ ਵਿੱਚ ਸ਼ਾਮਲ ਹੋਣ ਲਈ ਦਿੱਲੀ ਸਪੈਸ਼ਲ ਸੈੱਲ ਅਤੇ ਫਰੀਦਕੋਟ ਪੁਲਿਸ ਵਲੋਂ ਲੋੜੀਂਦਾ ਸੀ।