ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਕੋਰੋਨਾ ਦੇ ਸਬੰਧ ਵਿੱਚ ਸਖਤ ਆਦੇਸ਼ ਦਿੱਤੇ ਹਨ ਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ ਜੇ ਪੰਜਾਬ ਸਰਕਾਰ ਦੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉੱਡਦੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਕੋਰੋਨਾ ਗਾਈਡਲਾਈਨਜ਼ ਮੁਤਾਬਕ ਸਰਕਾਰੀ ਬੱਸਾਂ 'ਚ 40 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ, ਪਰ ਸਰਕਾਰੀ ਬੱਸਾਂ 'ਚ ਦੁੱਗਣੀਆਂ ਸਵਾਰੀਆਂ ਚੜ੍ਹ ਰਹੀਆਂ ਹਨ। 90 ਦੇ ਕਰੀਬ ਲੋਕ ਅੰਮ੍ਰਿਤਸਰ ਦੀ ਇੱਕ ਸਰਕਾਰੀ ਬੱਸ ਵਿੱਚ ਸਵਾਰ ਹੁੰਦੇ ਦੇਖੇ ਗਏ। ਇਸ ਦਾ ਇੱਕ ਕਾਰਨ ਸਰਕਾਰ ਵਲੋਂ ਔਰਤਾਂ ਨੂੰ ਫ੍ਰੀ ਬਸ ਸੇਵਾ ਵੀ ਹੈ।
ਹੁਣ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਮੰਜ਼ਿਲ ਤੱਕ ਫ੍ਰੀ ਪਹੁੰਚੇ। ਸਰਕਾਰੀ ਬੱਸ ਦੇ ਕੰਡਕਟਰ ਪਰੇਸ਼ਾਨ ਹਨ ਕਿ ਇਕ ਬੱਸ 'ਚ 90 ਯਾਤਰੀ ਸਵਾਰ ਹੋ ਗਏ ਹਨ, ਜਿਨ੍ਹਾਂ ਦੀ ਟਿਕਟ ਕੱਟਣੀ ਹੈ ਪਰ ਉਹ ਕੱਟ ਨਹੀਂ ਪਾ ਰਿਹਾ। ਕੰਡਕਟਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਡਰ ਹੈ ਕਿ ਕਿਤੇ ਉਹ ਕੋਰੋਨਾ ਸੰਕਰਮਿਤ ਨਾ ਹੋ ਜਾਵੇ।
ਉਧਰ ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 2924 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ ਸੂਬੇ 'ਚ 62 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸੂਬੇ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਮੰਗਲਵਾਰ ਨੂੰ ਦਿੱਤੇ ਆਪਣੇ ਬਿਆਨ 'ਚ ਡਾ. ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ ਦੇ ਕੁੱਲ ਕੇਸਾਂ ਚੋਂ 80 ਪ੍ਰਤੀਸ਼ਤ ਯੂਕੇ ਰੂਪ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਤਾਜ਼ਾ ਤਬਦੀਲੀ ਵਿੱਚ ਵਾਧੇ ਪਿੱਛੇ ਕਾਰਨ ਵਿਆਹ, ਸਥਾਨਕ ਬਾਡੀ ਚੋਣਾਂ ਤੇ ਕਿਸਾਨਾ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਹੈ।
https://play.google.com/store/
https://apps.apple.com/in/app/