ਚੰਡੀਗੜ੍ਹ: ਪੂਰੇ ਦੇਸ਼ ਵਿੱਚ ਟੋਲ ਟੈਕਸ ਇਕੱਤਰ ਕਰਨ ਲਈ ਫਾਸਟੈਗ ਸਿਸਟਮ ਲਾਗੂ ਕੀਤਾ ਗਿਆ ਹੈ। ਫਰਵਰੀ ਮਹੀਨੇ ਵਿੱਚ ਇਸ ਵਿਵਸਥਾ ਨਾਲ 1841 ਕਰੋੜ ਦੀ ਕਮਾਈ ਹੋਈ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਰਕਾਰ ਨੇ ਇਸ ਮਹੀਨੇ ਫਾਸਟੈਗ ਰਾਹੀਂ ਟੋਲ ਪਲਾਜ਼ਾ ਤੋਂ ਰੋਜ਼ਾਨਾ 63 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।
ਨੈਸ਼ਨਲ ਹਾਈਵੇਅ ਸਥਿਤ ਟੋਲ ਪਲਾਜ਼ਾ 'ਤੇ ਫਾਸਟੈਗ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ। ਇਸ ਕਰਕੇ ਟੋਲ ਕੁਲੈਕਸ਼ਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਫਰਵਰੀ 'ਚ ਨੈਸ਼ਨਲ ਹਾਈਵੇਅ 'ਤੇ ਟੋਲ ਪਲਾਜ਼ਾ 'ਤੇ ਫਾਸਟੈਗ ਨਾਲ 11 ਕਰੋੜ 13 ਲੱਖ ਵਾਰੀ ਲੈਣ-ਦੇਣ ਕੀਤਾ ਗਿਆ। ਜਨਵਰੀ ਵਿੱਚ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ਾ' ਤੇ ਫਾਸਟੈਗ ਰਾਹੀਂ ਲਗਪਗ 9 ਕਰੋੜ 30 ਲੱਖ ਟ੍ਰਾਂਜੈਕਸ਼ਨਜ਼ ਹੋਏ ਸੀ। ਇਸ ਨਾਲ ਸਰਕਾਰ ਨੂੰ 1622 ਕਰੋੜ ਰੁਪਏ ਦੀ ਕਮਾਈ ਹੋਈ।
ਦਸੰਬਰ 'ਚ ਸਰਕਾਰ ਨੇ ਫਾਸਟੈਗ ਰਾਹੀਂ ਇਨ੍ਹਾਂ ਟੋਲ ਪਲਾਜ਼ਾਂ ਤੋਂ 1256 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਸਮੇਂ ਦੌਰਾਨ ਫਾਸਟੈਗ ਤੋਂ 6 ਕਰੋੜ 40 ਲੱਖ ਟ੍ਰਾਂਜੈਕਸ਼ਨ ਹੋਏ। ਨਵੰਬਰ 'ਚ ਟੋਲ ਪਲਾਜ਼ਾ 'ਤੇ ਫਾਸਟੈਗ ਤੋਂ 3 ਕਰੋੜ 40 ਲੱਖ ਟ੍ਰਾਂਜੈਕਸ਼ਨ ਹੋਏ, ਇਨ੍ਹਾਂ ਤੋਂ ਤਕਰੀਬਨ 774 ਕਰੋੜ ਰੁਪਏ ਦੀ ਕਮਾਈ ਕੀਤੀ।
ਅਕਤੂਬਰ 2019 ਵਿੱਚ ਫਾਸਟੈਗ ਤੋਂ 3 ਕਰੋੜ 10 ਲੱਖ ਟ੍ਰਾਂਜੈਕਸ਼ਨ ਹੋਏ, ਜਿਸ ਕਾਰਨ ਸਰਕਾਰ ਨੇ 703 ਕਰੋੜ ਰੁਪਏ ਦੀ ਕਮਾਈ ਕੀਤੀ।
ਬਿਨਾਂ ਫਾਸਟੈਗ ਦੇ ਲੇਨ 'ਚ ਦਾਖਲ ਹੋਣ ਵਾਲੇ ਵਾਹਨਾਂ ਤੋਂ 20 ਕਰੋੜ ਵਸੂਲੇ ਗਏ: ਐਨਐਚਏਆਈ ਨੇ ਕਿਹਾ ਹੈ ਕਿ ਉਨ੍ਹਾਂ ਨੇ ਟੋਲ ਪਲਾਜ਼ਾ 'ਤੇ ਫਾਸਟੈਗ ਲੇਨ 'ਚ ਦਾਖਲ ਹੋਏ ਬਗੈਰ ਟੈਗ 18 ਲੱਖ ਵਾਹਨਾਂ ਤੋਂ 20 ਕਰੋੜ ਰੁਪਏ ਦੀ ਕਮਾਈ ਕੀਤੀ। ਜੇ ਟੈਗ ਤੋਂ ਬਿਨਾਂ ਕੋਈ ਵਾਹਨ ਫਾਸਟੈਗ ਲੇਨ 'ਚ ਦਾਖਲ ਹੁੰਦਾ ਹੈ, ਤਾਂ ਇਸ ਨੂੰ ਦੁਗਣਾ ਟੋਲ ਅਦਾ ਕਰਨਾ ਪੈਂਦਾ ਹੈ। ਹੁਣ ਤੱਕ ਦੇਸ਼ ਭਰ 'ਚ 1.55 ਕਰੋੜ ਤੋਂ ਵੱਧ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ।