ਅੰਮ੍ਰਿਤਸਰ: ਜਿੱਥੇ ਕੇਂਦਰ ਸਰਕਾਰ ਨੇ ਸ਼ਹਿਰ ਵਿੱਚ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਸੈਂਕੜੇ ਲੋਕਾਂ ਦੇ ਰੇਲ ਹੇਠਾਂ ਕੁਚਲੇ ਜਾਣ ਦੇ ਹਾਦਸੇ ਦੀ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ, ਉੱਥੇ ਗੌਰਮੈਂਟ ਰੇਲਵੇ ਪੁਲਿਸ (ਜੀਆਰਪੀ) ਇਸ ਹਾਦਸੇ ਦੀ ਜਾਂਚ ਕਰੇਗੀ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਜੀਆਰਪੀ ਦੇ ਵਧੀਕ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਨੇ ਇਸ ਜਾਂਚ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਪੜਤਾਲ ਪੂਰੀ ਕੀਤੀ ਜਾਵੇਗੀ।


'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਏਡੀਜੀਪੀ ਰੇਲਵੇ ਇਕਬਾਲ ਪ੍ਰੀਤ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ ਹੈ, ਜੋ ਇਸ ਹਾਦਸੇ ਦੇ ਹਰ ਪਹਿਲੂ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਐਸਆਈਟੀ ਜਾਂਚ ਨੂੰ ਤਿੰਨ ਮਹੀਨਿਆਂ 'ਚ ਪੂਰੀ ਕਰ ਰਿਪੋਰਟ ਦੇਵੇਗੀ। ਹਾਦਸੇ ਤੋਂ ਅਗਲੇ ਦਿਨ ਹੀ ਰੇਲਵੇ ਪੁਲਿਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਵੀ ਦਰਜ ਕਰ ਲਿਆ ਸੀ।

ਸਹੋਤਾ ਨੇ ਦੱਸਿਆ ਕਿ ਐਸਆਈਟੀ ਉਸ ਟ੍ਰੇਨ ਦੀ ਵੀ ਜਾਂਚ ਕਰੇਗੀ, ਜਿਸ ਹੇਠਾਂ ਆਉਣ ਨਾਲ 59 ਲੋਕਾਂ ਦੀ ਮੌਤ ਹੋ ਗਈ ਤੇ ਇੰਨੇ ਹੀ ਜ਼ਖ਼ਮੀ ਹੋ ਗਏ ਸਨ। ਜਦ 'ਏਬੀਪੀ ਸਾਂਝਾ' ਨੇ ਸਹੋਤਾ ਨੂੰ ਪੁੱਛਿਆ ਕਿ ਰੇਲ ਲੀਹ 'ਤੇ ਕੋਈ ਨਾ ਆਵੇ, ਇਸੇ ਦੀ ਜ਼ਿੰਮੇਵਾਰੀ ਜੀਆਰਪੀ ਦੀ ਹੁੰਦੀ ਹੈ, ਤਾਂ ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਦੀ ਕੋਈ ਵੀ ਕੁਤਾਹੀ ਹੋਈ ਤਾਂ ਉਸ ਦੀ ਜਾਂਚ ਵੀ ਸਾਹਮਣੇ ਆ ਜਾਵੇਗੀ। ਇਸ ਸਬੰਧੀ ਏਡੀਜੀਪੀ ਨੇ ਦੁਰਘਟਨਾ ਸਥਾਨ ਦਾ ਮੌਕੇ ਦੀ ਜਾਂਚ ਵੀ ਕਰ ਲਈ ਹੈ।

ਜ਼ਿਕਰਯੋਗ ਹੈ ਕਿ ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਰੇਲਵੇ ਦੀ ਕਿਸੇ ਵੀ ਥਾਂ 'ਤੇ ਗ਼ਲਤੀ ਨਾ ਹੋਣ ਦੀ ਗੱਲ ਕਹਿੰਦਿਆਂ ਕੋਈ ਜਾਂਚ ਨਾ ਕਰਵਾਉਣ ਸਬੰਧੀ ਬਿਆਨ ਦਿੱਤਾ ਸੀ। ਉੱਧਰ, ਹਾਦਸੇ ਵਿੱਚ ਸ਼ਾਮਲ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਡੀਐਮਯੂ ਰੇਲ ਦੇ ਚਾਲਕ ਦਾ ਬਿਆਨ ਵੀ ਸਾਹਮਣੇ ਆਇਆ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਈ ਸਵਾਲ ਖੜ੍ਹੇ ਕੀਤੇ ਹਨ।