ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਉਮਰਵਾਲਾ ਵਿੱਚ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ ਸਿਰਫ 18 ਸਾਲ ਦੀ ਉਮਰ ਵਿੱਚ ਖੇਡਾਂ ਦੀ ਦੁਨੀਆ ਵਿੱਚ ਵੱਡੀ ਉਪਲਬਧੀ ਹਾਸਲ ਕਰ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਨੁਕਲ ਪੁਸ਼ਪਅਪ (ਮੁਠੀ ਬੰਦ ਡੰਡ) ਦਾ ਰਿਕਾਰਡ ਤੋੜਿਆ ਹੈ। ਇਸ ਤੋਂ ਪਹਿਲਾਂ ਜੇ ਯੂਸਫ਼ (ਯੂਕੇ) ਦੇ ਨਾਮ 'ਤੇ ਇਹ ਰਿਕਾਰਡ ਦਰਜ ਸੀ। ਉਸ ਨੇ 32 ਸਾਲ ਦੀ ਉਮਰ ਵਿੱਚ ਕਰੀਬ 1 ਸਾਲ ਪਹਿਲਾਂ 1 ਮਿੰਟ ਵਿੱਚ 82 ਮੁੱਠੀ ਬੰਦ ਡੰਡ ਲਾ ਕੇ ਏਸ਼ੀਆ ਬੁੱਕ 'ਚ ਆਪਣਾ ਰਿਕਾਰਡ ਦਰਜ ਕਰਵਾਇਆ ਸੀ।

 

ਹੁਣ ਅੰਮ੍ਰਿਤਬੀਰ ਨੇ ਸਿਰਫ਼ 18 ਸਾਲ ਦੀ ਉਮਰ ਵਿੱਚ ਵੱਡੇ ਅੰਤਰ ਤੋਂ ਜੇ ਯੂਸਫ਼  ਦੇ ਰਿਕਾਰਡ ਨੂੰ ਤੋੜਦੇ ਹੋਏ 1 ਮਿੰਟ ਵਿੱਚ 118 ਮੁੱਠੀ ਬੰਦ ਡੰਡ ਲਾ ਕੇ ਬੁੱਕ ਆਫ ਇੰਡਿਆ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸ ਨੇ ਦੱਸਿਆ ਕਿ ਦੂਜਾ ਰਿਕਾਰਡ 30 ਸੈਕੰਡ ਵਿੱਚ 35 ਸੁਪਰਮੈਨ ਨੁਕਲ ਪੁਸ਼ਪਅਪ ਲਾ ਕੇ ਇੰਡਿਆ ਬੁੱਕ ਆਫ ਰਿਕਾਰਡ 2020 ਵਿੱਚ ਵੀ ਆਪਣਾ ਨਾਮ ਦਰਜ ਕਰਵਾਇਆ ਹੈ।

 

ਅੰਮ੍ਰਿਤਬੀਰ ਸਿੰਘ ਨੇ ਕਿਹਾ ਕਿ ਜਦੋ ਉਹ 11ਵੀਂ 'ਚ ਸੀ ਤਾਂ ਉਦੋਂ ਤੋਂ ਹੀ ਉਸ ਨੇ ਮੁਠੀ ਬੰਦ ਕਰਕੇ ਪੁਸ਼ਪਅਪ ਲਗਾਨੇ ਸ਼ੁਰੂ ਕਰ ਦਿੱਤੇ ਸੀ। ਉਸ ਨੇ ਦੱਸਿਆ ਕਿ ਉਹ ਐਕਸ਼ਨ ਮੂਵੀ 'ਚ ਵੀ ਕੰਮ ਕਰਨਾ ਚਹੁੰਦਾ ਹੈ। ਇਸ ਦੇ ਨਾਲ ਹੀ ਉਹ ਦੂਜੇ ਨੌਜਵਾਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ 'ਚ ਆਉਣ ਤੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਮ ਰੋਸ਼ਨ ਕਰਨ।

 

ਅੰਮ੍ਰਿਤਬੀਰ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ, ਕਿ ਉਹ ਆਪਣੇ ਬੇਟੇ ਨੂੰ ਐਨਡੀਏ ਦਾ ਟੈਸਟ ਪਾਸ ਕਰਵਾਉਣ ਤੇ ਦੇਸ਼ ਦੀ ਸੇਵਾ ਲਈ ਆਰਮੀ ਵਿੱਚ ਭਰਤੀ ਕਰਵਾਉਣ ਪਰ ਉਸ ਦਾ ਰੁਝੇਵਾਂ ਜ਼ਿਆਦਾ ਖੇਡਾ ਵਿੱਚ ਰਹਿਣ ਲੱਗਾ। ਉਸ ਨੇ ਘਰ ਵਿੱਚ ਹੀ ਦੇਸੀ ਜੁਗਾੜ ਨਾਲ ਵਰਜਸ਼ ਕਰਣੀ ਸ਼ੁਰੂ ਕੀਤੀ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤਬੀਰ ਸਿੰਘ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।

 

ਅੰਮ੍ਰਿਤਬੀਰ ਸਿੰਘ ਨੇ ਕਿਹਾ ਕਿ ਉਸ ਨੇ ਆਪਣਾ ਨਾਮ ਹੁਣ ਕਰਮਵੀਰ ਚੱਕਰ ਵਿੱਚ ਵੀ ਨੌਮੀਨੇਟ ਕਰਵਾ ਲਿਆ ਹੈ। ਅੰਮ੍ਰਿਤਬੀਰ ਸਿੰਘ ਦੀ ਡਾਈਟ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਘਰ 'ਚੋਂ ਦੁੱਧ, ਦਹੀਂ, ਪਨੀਰ ਖਤਮ ਨਹੀਂ ਹੋਣ ਦਿੰਦੇ। ਪਿਤਾ ਨਿਸ਼ਾਨ ਸਿੰਘ ਨੇ ਕਿਹਾ ਕਿ ਬੇਟੇ ਨੇ 18 ਸਾਲ ਦੀ ਉਮਰ ਵਿੱਚ ਇੰਨੀ ਵੱਡੀਆਂ ਉਪਲਬੱਧੀਆਂ ਹਾਸਿਲ ਕੀਤੀਆਂ ਹਨ ਕਿ ਪਰਿਵਾਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਪੋਰਟਸ ਕੋਟੇ ਵਿੱਚ ਚੰਗੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਸੇਵਾ ਕਰਦਾ ਰਹੇ।