ਹਰਸਿਮਰਤ ਬਾਦਲ ਨੇ ਭਗਵੰਤ ਮਾਨ ਨੂੰ ਘੇਰਿਆ, ਹੁਣ ਕੇਜਰੀਵਾਲ ਕਰਨਗੇ ਕਾਰਵਾਈ?
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਘੇਰਿਆ ਹੈ। ਹਰਸਿਮਰਤ ਨੇ ਕਿਹਾ ਹੈ ਕਿ ਭਗਵੰਤ ਮਾਨ ਇੱਕ ਪਾਸੇ ਰੈਲੀ ਕਰਕੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਸੰਸਦ ਵਿੱਚ ਸਰਕਾਰ ਦੇ ਨਾਲ ਖੜ੍ਹੇ ਹਨ।
ਨਵੀਂ ਦਿੱਲੀ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਘੇਰਿਆ ਹੈ। ਹਰਸਿਮਰਤ ਨੇ ਕਿਹਾ ਹੈ ਕਿ ਭਗਵੰਤ ਮਾਨ ਇੱਕ ਪਾਸੇ ਰੈਲੀ ਕਰਕੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਸੰਸਦ ਵਿੱਚ ਸਰਕਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਇਸ ਕਮੇਟੀ ਨੇ ਜ਼ਰੂਰੀ ਵਸਤੂ ਐਕਟ ਲਾਗੂ ਕਰਨ ਦੀ ਸਿਫਾਰਸ਼ ਕੀਤਾ ਹੈ। ਭਗਵੰਤ ਮਾਨ ਇਸ ਕਮੇਟੀ ਦੇ ਮੈਂਬਰ ਹਨ।
ਇਸ ਲਈ ਆਮ ਆਦਮੀ ਪਾਰਟ ਹੁਣ ਦੱਸੇ ਕਿ ਸੱਚ ਕੀ ਹੈ। ਜੇ ਉਨ੍ਹਾਂ ਵਿਰੋਧ ਕੀਤਾ ਤਾਂ ਇਸ ਦਾ ਨੋਟ ਜਨਤਕ ਕਰਨ। ਇਸ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ, ਕਿਸਾਨ ਸੜਕਾਂ 'ਤੇ ਬੈਠੇ ਹਨ। ਦੂਜੇ ਪਾਸੇ, ਇਹ ਸਭ ਸਾਹਮਣੇ ਆ ਗਿਆ ਹੈ। ਹੁਣ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਭਗਵੰਤ ਮਾਨ 'ਤੇ ਕੀ ਕਾਰਵਾਈ ਕਰਨਗੇ।
ਦੱਸ ਦਈਏ ਕਿ ਸੰਸਦੀ ਕਮੇਟੀ ਨੇ ਸਿਫ਼ਾਰਸ਼ ਕਰ ਦਿੱਤੀ ਕਿ ਜ਼ਰੂਰੀ ਵਸਤਾਂ ਸੋਧ ਐਕਟ ਹੂ-ਬ-ਹੂ ਲਾਗੂ ਕੀਤਾ ਜਾਵੇ। ਇਸ ਸਿਫਾਰਸ਼ ਮਗਰੋਂ ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਅੰਦਰ ਹਾਹਾਕਾਰ ਮੱਚ ਗਈ। ਸੰਸਦੀ ਕਮੇਟੀ ਦੇ ਕਾਂਗਰਸੀ ਮੈਂਬਰਾਂ ਨੇ ਗੰਭੀਰ ਇਲਜ਼ਾਮ ਲਾਉਂਦਿਆ ਕਿਹਾ ਹੈ ਕਿ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਇਹ ਕਦਮ ਚੁੱਕਿਆ ਗਿਆ ਹੈ।
ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਜਿਸ ’ਚੋਂ ਇੱਕ ਕਾਨੂੰਨ ਜ਼ਰੂਰੀ ਵਸਤਾਂ ਸੋਧ ਵਾਲਾ ਹੈ। ਸੰਸਦੀ ਕਮੇਟੀ ’ਚ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ‘ਆਪ’ ਸਮੇਤ ਹੋਰ ਵਿਰੋਧੀ ਧਿਰਾਂ ਦੇ ਮੈਂਬਰ ਹਨ। ਉਂਜ ਬੀਜੇਪੀ ਨੂੰ ਛੱਡ ਕੇ ਜ਼ਿਆਦਾਤਰ ਪਾਰਟੀਆਂ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ।
ਤਿੰਨ ਕਾਂਗਰਸੀ ਸੰਸਦ ਮੈਂਬਰਾਂ ਨੇ ਖ਼ੁਦ ਨੂੰ ਸਥਾਈ ਸੰਸਦੀ ਕਮੇਟੀ ਦੀ ਰਿਪੋਰਟ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਰਿਪੋਰਟ ਨਿਯਮਾਂ ਤੇ ਸਮਝੌਤਿਆਂ ਦਾ ਉਲੰਘਣ ਕਰਦੀ ਹੈ। ਕਾਂਗਰਸ ਤੇ ਟੀਐਮਸੀ ਨੇ ਬੀਜੇਪੀ ’ਤੇ ‘ਨੇਮਾਂ ਦੀ ਉਲੰਘਣਾ’ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੁਤਾਬਕ ਇਹ ਰਿਪੋਰਟ ਸਥਾਈ ਕਮੇਟੀ ਦੇ ਰੈਗੂਲਰ ਚੇਅਰਮੈਨ ਟੀਐਮਸੀ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਦੀ ਗ਼ੈਰਹਾਜ਼ਰੀ ਵਿਚ ਹੀ ਅੱਗੇ ਧੱਕ ਦਿੱਤੀ ਗਈ ਹੈ। ਟੀਐਮਸੀ ਆਗੂ ਚੋਣਾਂ ਵਿਚ ਰੁੱਝੇ ਹੋਏ ਹਨ।