Haryana farmers protest: ਸਿਰਸਾ 'ਚ ਪ੍ਰਦਰਸ਼ਨ 'ਚ ਸ਼ਾਮਿਲ 900 ਕਿਸਾਨਾਂ ਖਿਲਾਫ ਕੇਸ ਦਰਜ, ਮਹਾਂਮਾਰੀ ਐਕਟ ਤੇ ਸਰਕਾਰੀ ਕੰਮ 'ਚ ਵਿਘਣ ਪਾਉਣ ਦਾ ਆਰੋਪ
ਹਰਿਆਣਾ ਦੇ ਸਿਰਸਾ ਵਿੱਚ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ 900 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸਿਰਸਾ: ਹਰਿਆਣਾ ਦੇ ਸਿਰਸਾ ਵਿੱਚ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ 900 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਕਿਸਾਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਰਣਬੀਰ ਸਿੰਘ ਗੰਗਵਾ ਦੀ ਸਰਕਾਰੀ ਕਾਰ ’ਤੇ ਪੱਥਰਬਾਜ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਪੰਜ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਕ ਧਰਨਾ ਦਿੱਤਾ ਸੀ।
ਇਨ੍ਹਾਂ ਸਾਰੇ ਕਿਸਾਨਾਂ ਖ਼ਿਲਾਫ਼ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਬੜਾਗੂੜਾ, ਡਿੰਗ, ਸਦਰ ਡੱਬਵਾਲੀ ਅਤੇ ਸਿਰਸਾ ਸਿਵਲ ਲਾਈਨ ਥਾਣਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਅੱਜ ਹਰਿਆਣਾ ਦੇ ਰੇਵਾੜੀ ਵਿਚ ਦਿੱਲੀ-ਜੈਪੁਰ ਹਾਈਵੇਅ 'ਤੇ ਸਥਿਤ ਜੈਸਿੰਘਪੁਰ ਖੇੜਾ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਵਿਚਾਲੇ ਪਹੁੰਚਣਗੇ।
ਕਿਸਾਨਾਂ ਖਿਲਾਫ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ, ਰਾਸ਼ਟਰੀ ਰਾਜ ਮਾਰਗ 'ਤੇ ਆਮ ਜਨਤਾ ਨੂੰ ਪਰੇਸ਼ਾਨ ਕਰਨ ਅਤੇ ਜਾਨਲੇਵਾ ਬਿਮਾਰੀ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਕੇਸ ਦਰਜ ਕੀਤੇ ਗਏ ਹਨ।
ਦੱਸ ਦੇਈਏ ਕਿ 21 ਜੁਲਾਈ ਨੂੰ ਸਿਰਸਾ ਜ਼ਿਲ੍ਹੇ ਦੇ ਭਾਵਦੀਨ ਟੋਲ ਪਲਾਜ਼ਾ, ਸਾਂਵਤ ਖੇੜਾ ਟੋਲ ਪਲਾਜ਼ਾ, ਪਿੰਡ ਸਾਹੂਵਾਲਾ ਅਤੇ ਸਿਰਸਾ ਸ਼ਹਿਰ ਦੇ ਦਕਸ਼ ਪ੍ਰਜਾਪਤੀ ਚੌਕ 'ਤੇ ਬੇਮਿਆਦੀ ਧਰਨੇ ਤੋਂ ਇਲਾਵਾ ਨੈਸ਼ਨਲ ਹਾਈਵੇ ’ਤੇ ਕਿਸਾਨ ਜਥੇਬੰਦੀਆਂ ਨੇ ਦੋ ਘੰਟੇ ਤੱਕ ਕੌਮੀ ਰਾਜਮਾਰਗ ਜਾਮ ਕੀਤਾ ਸੀ। ਦੂਜੇ ਪਾਸੇ, ਗ੍ਰਿਫਤਾਰ ਕੀਤੇ ਗਏ ਪੰਜਾਂ ਕਿਸਾਨਾਂ ਨੂੰ ਸਥਾਨਕ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਦੇਰ ਸ਼ਾਮ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ।