ਖਾਲਸਾ ਸਾਜਨਾ ਦਿਵਸ 'ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੌਣਕਾਂ
ਸਮੁੱਚੇ ਸੰਸਾਰ ਭਰ ਵਿੱਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਰੌਣਕਾਂ ਹਨ। ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਹਨ, ਉਨ੍ਹਾਂ ਵੱਲੋਂ ਇਸ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਅਨੰਦਪੁਰ ਸਾਹਿਬ: ਸਮੁੱਚੇ ਸੰਸਾਰ ਭਰ ਵਿੱਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਰੌਣਕਾਂ ਹਨ। ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਹਨ, ਉਨ੍ਹਾਂ ਵੱਲੋਂ ਇਸ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਖਾਲਸਾ ਪੰਥ ਦੇ ਮਹਾਨ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਵੈਸਾਖੀ ਦੀਆ ਰੌਣਕਾਂ ਵੇਖਿਆਂ ਹੀ ਬਣਦੀਆਂ ਹਨ। ਅੰਮਿਤ ਵੇਲੇ ਤਖਤ ਸਾਹਿਬ ਵਿਖੇ ਇਸ਼ਨਾਨ ਦੀ ਸੇਵਾ ਤੋਂ ਬਾਅਦ ਗੁਰੂ ਸਾਹਿਬ ਦੇ ਪ੍ਰਕਾਸ਼ ਹੋਏ। ਅੰਮ੍ਰਿਤ ਵੇਲੇ ਤੋਂ ਹੀ ਸੰਗਤ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਲੰਬੀਆਂ ਕਤਾਰਾਂ ਵਿੱਚ ਖਲ੍ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਹਨ।
ਅੱਜ ਤਖਤ ਸਾਹਿਬ ਵਿੱਖੇ ਅਰੰਭ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਪੰਥ ਪ੍ਰਸਿੱਧ ਰਾਗੀ ਢਾਡੀਆਂ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਅੰਮਿਤ ਵੇਲੇ ਤੋਂ ਪੰਜਾਂ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾ ਰਿਹਾ ਤੇ ਅੰਮ੍ਰਿਤ ਅਭਿਲਾਖੀ ਵੀ ਤਿਆਰ ਬਰ ਤਿਆਰ ਹੋ ਕੇ ਤਖਤ ਸਾਹਿਬ ਵਿਖੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਦੁਆਬੇ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਨਾਨਕਸਰ ਵਿਖੇ ਵੀ ਵਿਸਾਖੀ ਦੀਆਂ ਰੌਣਕਾਂ ਹਨ। ਵੱਡੀ ਗਿਣਤੀ ਸੰਗਤਾਂ ਹਾਜ਼ਰੀ ਭਰ ਆਪਣਾ ਜੀਵਨ ਸਫਲ ਕਰ ਰਹੀਆਂ ਹਨ।
ਇਸੇ ਤਰ੍ਹਾਂ ਸਿੱਖ ਕੌਮ ਦੇ ਚੌਥੇ ਤਖ਼ਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਕੋਰੋਨਾ ਦੇ ਦਹਿਸ਼ਤ ਦੇ ਬਾਵਜੂਦ ਖ਼ਾਲਸਾ ਪੰਥ ਦੇ ਇਸ ਇਤਿਹਾਸਕ ਅਸਥਾਨ ਵਿਖੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਖਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰ ਰਿਹਾ ਸੀ। 11 ਅਪ੍ਰੈਲ਼ ਤੋਂ ਸੁਰੂ ਹੋਏ ਵਿਸਾਖੀ ਮੇਲੇ ਦੇ ਅੱਜ ਤੀਜੇ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤਖਤ ਸਾਹਿਬ ਵਿਖੇ ਨਤਮਸਤਕ ਹੋਈਆਂ।