ਮਹਿਤਾਬ-ਉਦ-ਦੀਨ
ਨਵੀਂ ਦਿੱਲੀ: ਭਾਰਤ ’ਚ ਔਰਤਾਂ ਨੇ ਇੱਕ ਹੋਰ ਇਤਿਹਾਸ ਰਚ ਵਿਖਾਇਆ ਹੈ। ਦੇਸ਼ ਵਿੱਚ ਹੁਣ ਮਹਿਲਾ ਮਿਲਟਰੀ ਪੁਲਿਸ ਦੀ ਸ਼ੁਰੂਆਤ ਹੋ ਗਈ ਹੈ। ਸਨਿੱਚਰਵਾਰ ਨੂੰ ਬੈਂਗਲੁਰੂ ਦੇ ਦ੍ਰੋਣਾਚਾਰਿਆ ਪਰੇਡ ਗਰਾਊਂਡ ’ਚ ਕੋਰ ਆੱਫ਼ ਮਿਲਟਰੀ ਪੁਲਿਸ ਸੈਂਟਰ ਐਂਡ ਸਕੂਲ (CMP C&S) ਵੱਲੋਂ ਭਾਰਤੀ ਥਲ ਸੈਨਾ ਦੀ ਮਿਲਟਰੀ ਪੁਲਿਸ ਵਿੱਚ 83 ਮਹਿਲਾ ਫ਼ੌਜੀਆਂ ਦਾ ਪਹਿਲਾ ਬੈਚ ਸ਼ਾਮਲ ਕੀਤਾ ਗਿਆ ਹੈ।
ਕੋਵਿਡ-19 ਦੀਆਂ ਪਾਬੰਦੀਆਂ ਦੇ ਚੱਲਦਿਆਂ ਇਸ ਅਟੈਸਟੇਸ਼ਨ ਪਰੇਡ ਦੀ ਕੋਈ ਬਹੁਤਾ ਚਰਚਾ ਮੀਡੀਆ ’ਚ ਨਹੀਂ ਹੋ ਸਕੀ। CMP C&S ਦੇ ਕਮਾਂਡੈਂਟ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਨਵੀਂਆਂ ਮਹਿਲਾ ਫ਼ੌਜੀ ਜਵਾਨਾਂ ਨੂੰ ਉਨ੍ਹਾਂ ਦੀ ਵਧੀਆ ਪਰੇਡ ਲਈ ਮੁਬਾਰਕਬਾਦ ਦਿੱਤੀ।
ਉਨ੍ਹਾਂ ਸਾਰੀਆਂ ਮਹਿਲਾ ਫ਼ੌਜੀ ਜਵਾਨਾਂ ਨੂੰ ਉਨ੍ਹਾਂ ਦੀ 61 ਹਫ਼ਤਿਆਂ ਦੀ ਤੀਖਣ ਟ੍ਰੇਨਿੰਗ ਸਫ਼ਲਤਾਪੂਰਬਕ ਮੁਕੰਮਲ ਹੋਣ ’ਤੇ ਸ਼ੁਭ ਇੱਛਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੂੰ ਬੁਨਿਆਦੀ ਮਿਲਟਰੀ ਟ੍ਰੇਨਿੰਗ, ਪ੍ਰੋਵੋਸਟ ਟ੍ਰੇਨਿੰਗ ਦਿੱਤੀ ਗਈ, ਪੁਲਿਸ ਦੀਆਂ ਡਿਊਟੀਆਂ ਬਾਰੇ ਬਾਕਾਇਦਾ ਸਮਝਾਇਆ ਗਿਆ, ਇਹ ਦੱਸਿਆ ਗਿਆ ਕਿ ਜੰਗੀ ਕੈਦੀਆਂ ਨਾਲ ਕਿਵੇਂ ਵਿਵਹਾਰ ਕਰਨਾ ਹੈ, ਬਾਕੀ ਦੀਆਂ ਰਸਮੀ ਡਿਊਟੀਆਂ ਕਿਵੇਂ ਨਿਭਾਉਣੀਆਂ ਹਨ, ਉਨ੍ਹਾਂ ਦਾ ਹੁਨਰ ਵਿਕਾਸ ਕੀਤਾ ਗਿਆ। ਉਨ੍ਹਾਂ ਨੂੰ ਡਰਾਈਵਿੰਗ ਸਿਖਾਈ ਗਈ, ਵਾਹਨਾਂ ਦਾ ਰੱਖ-ਰਖਾਅ ਰੱਖਣਾ ਤੇ ਸਿਗਨਲ ਕਮਿਊਨੀਕੇਸ਼ਨਜ਼ ਦੇ ਗੁਰ ਵੀ ਸਿਖਾਏ ਗਏ।
ਕਮਾਂਡੈਂਟ ਨੇ ਮਹਿਲਾ ਜਵਾਨਾਂ ਨੂੰ ਦਿੱਤੀ ਟ੍ਰੇਨਿੰਗ ਉੱਤੇ ਤਸੱਲੀ ਪ੍ਰਗਟਾਈ ਅਤੇ ਆਖਿਆ ਕਿ ਉਹ ਜ਼ਰੂਰ ਹੀ ਲੋੜੀਂਦੇ ਮਿਆਰਾਂ ਦਾ ਪੂਰਾ ਧਿਆਨ ਰੱਖਣਗੇ ਤੇ ਉਹ ਆਪੋ-ਆਪਣੀਆਂ ਨਵੀਂਆਂ ਯੂਨਿਟਾਂ ’ਚ ਵਧੀਆ ਬਲ ਸਿੱਧ ਹੋਣਗੀਆਂ। ਉਨ੍ਹਾਂ ਨੂੰ ਦੇਸ਼ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਕਮਾਂਡੈਂਟ ਨੇ ਫ਼ੌਜ ਦੇ ਰਾਸ਼ਟਰ ਪ੍ਰਤੀ ਸਮਰਪਣ, ਨਿਆਂਪੁਰਨਤਾ ਤੇ ਨਿਸ਼ਕਾਮ ਸੇਵਾ ਦੇ ਗੁਣਾਂ ਨੂੰ ਉਜਾਗਰ ਕੀਤਾ।
ਦੱਸ ਦੇਈਏ ਕਿ ਫ਼ੌਜ ਦੀਆਂ ਕੁਝ ਸਟ੍ਰੀਮਜ਼ ’ਚ ਹਾਲੇ ਤੱਕ ਮਹਿਲਾ ਅਧਿਕਾਰੀਆਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਰਹੀ ਹੈ। ਪਰ ਹੁਣ ਇਹ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੂੰ ਨੌਨ-ਆਫ਼ੀਸਰ ਵਰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਮਹਿਲਾ ਫ਼ੌਜੀ ਜਵਾਨਾਂ ਵੀ ਮਿਲਟਰੀ ਪੁਲਿਸ ਦੇ ਆਮ ਜਵਾਨਾਂ ਵਾਂਗ ਹੀ ਕੰਮ ਕਰਨਗੀਆਂ।