ਪਟਿਆਲਾ: ਪੰਜਾਬ 'ਚ ਕਿਸਾਨਾਂ ਵਲੋਂ ਬਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਨੂੰ ਲਗਾਤਾਰ ਰੋਕਿਆ ਜਾ ਰਿਹਾ ਹੈ। ਹੁਣ ਕਿਸਾਨਾਂ ਵਲੋਂ ਜਾਨਵੀ ਕਪੂਰ ਤੋਂ ਬਾਅਦ ਬੌਬੀ ਦਿਓਲ ਦੀ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਪੰਜਾਬ ਦੇ ਪਟਿਆਲਾ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅਦਾਕਾਰ ਬੌਬੀ ਦਿਓਲ ਦੀ ਫਿਲਮ ਲਵ ਹੋਸਟਲ ਦੀ ਸ਼ੂਟਿੰਗ ਰੋਕ ਦਿੱਤੀ। ਦੇਵੀਗੜ੍ਹ ਦੇ ਪਿੰਡ ਮਿਹੋਣ 'ਚ ਹੋਣ ਵਾਲੀ ਇਸ ਫਿਲਮ ਵਿੱਚ ਬੌਬੀ ਦਿਓਲ ਮੁੱਖ ਭੂਮਿਕਾ ਵਿੱਚ ਹਨ ਅਤੇ ਇਹ ਫਿਲਮ ਵੈੱਬ ਸੀਰੀਜ਼ ਦੀ ਹੈ। ਫਿਲਮ ਦੇ ਨਿਰਦੇਸ਼ਕ ਸ਼ੰਕਰ ਰਮਨ ਨੂੰ ਸ਼ੂਟਿੰਗ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ ਜਾਹਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦੀ ਸ਼ੂਟਿੰਗ ਵੀ ਬੰਦ ਕਰਵਾ ਦਿੱਤੀ ਸੀ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਆਗੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ ਅਤੇ ਇਸ ਦੌਰਾਨ ਬਹੁਤ ਸਾਰੇ ਕਿਸਾਨ ਆਪਣੀ ਜਾਨ ਵੀ ਗੁਆ ਰਹੇ ਹਨ, ਪਰ ਫਿਲਮ ਇੰਡਸਟਰੀ ਨਾਲ ਜੁੜੇ ਅਦਾਕਾਰਾਂ ਖਾਸ ਕਰਕੇ ਪੰਜਾਬੀ ਕਲਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਪਰਿਵਾਰ 'ਚੋਂ ਕਿਸੇ ਨੇ ਕਿਸਾਨਾਂ ਦੇ ਹੱਕ 'ਚ ਇਕ ਸ਼ਬਦ ਵੀ ਨਹੀਂ ਕਿਹਾ। ਬਲਕਿ ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦਾ ਵਿਰੋਧ ਕੀਤਾ।
ਕਿਸਾਨਾਂ ਨੇ ਕਿਹਾ ਕਿ ਕਿਸਾਨ ਵੱਡੇ ਉਦਯੋਗਿਕ ਘਰਾਣਿਆਂ ਦੀਆਂ ਕੰਪਨੀਆਂ ਅਤੇ ਹੋਰ ਫਿਲਮੀ ਅਦਾਕਾਰਾਂ ਨੂੰ ਪੰਜਾਬ ਵਿੱਚ ਫਿਲਮਾਂ ਬਣਾਉਣ ਲਈ ਸ਼ੂਟ ਨਹੀਂ ਕਰਨ ਦੇਣਗੇ। ਫਿਲਮ ਪ੍ਰਬੰਧਕਾਂ ਨੇ ਕਿਹਾ ਕਿ ਫਿਲਮ ਦਾ ਕਿਸੇ ਵੱਡੇ ਉਦਯੋਗਿਕ ਘਰਾਣਿਆਂ ਜਾਂ ਇੰਡਸਟਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਬੌਬੀ ਦਿਓਲ ਵੀ ਇਥੇ ਸ਼ੂਟ ਲਈ ਨਹੀਂ ਆਏ ਹਨ।