ਨਵੀਂ ਦਿੱਲੀ: ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਮੁਤਾਬਕ ਭਾਰਤੀ ਹਵਾਈ ਸੈਨਾ ਦਾ ਸਭ ਤੋਂ ਵੱਡਾ ਫੌਜੀ ਟ੍ਰਾਂਸਪੋਰਟ ਜਹਾਜ਼, ਸੀ-17 ਗਲੋਬਮਾਸਟਰ, ਚੀਨ ਦੇ ਸ਼ਹਿਰ ਵੁਹਾਨ ਜਾਵੇਗਾ। ਇਹ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਵੁਹਾਨ ਜਾਵੇਗਾ। ਇਸ ਸਮੇਂ ਵੁਹਾਨ ਵਿਚ ਲੋਕ ਭਿਆਨਕ ਕੋਰੋਨਾ ਵਾਇਰਸ ਬਿਮਾਰੀ ਨਾਲ ਜੂਝ ਰਹੇ ਹਨ। ਵਾਪਸੀ ਦੌਰਾਨ ਇਹ ਜਹਾਜ਼ ਉੱਥੇ ਫਸੇ 106 ਭਾਰਤੀਆਂ ਨੂੰ ਵੀ ਦਿੱਲੀ ਲੈ ਕੇ ਆਵੇਗਾ।


ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪੱਤਰ ਲਿਖਿਆ ਸੀ ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ 'ਚ ਹਰ ਮੁਮਕਿਨ ਮਦਦ ਦਾ ਭਰੋਸਾ ਦਿੱਤਾ ਸੀ। ਇਸ ਮੁਸ਼ਕਲ ਸਮੇਂ ਵਿੱਚ ਗੁਆਂਢੀ ਦੇਸ਼ ਨਾਲ ਖੜਹੇ ਹੋਏ ਸੀ। ਇਸੇ ਕੜੀ 'ਚ ਇਹ ਫੌਜੀ ਜਹਾਜ਼ ਵੁਹਾਨ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੇ ਫੈਲਣ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੇ ਵੀਜ਼ਾ ਰੱਦ ਕਰ ਦਿੱਤੇ ਹਨ। ਇੱਥੋਂ ਤਕ ਕਿ ਜਿਨ੍ਹਾਂ ਲੋਕਾਂ ਨੇ ਈ-ਵੀਜ਼ਾ ਲਿਆ ਸੀ, ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਲਖਨਉ 'ਚ ਹਾਲ ਹੀ ਵਿੱਚ ਹੋਏ ਡਿਫੈਂਸ ਐਕਸਪੋ 'ਚ ਆਉਣ ਵਾਲੇ ਚੀਨੀ ਪ੍ਰਤੀਨਧੀਆਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਸੀ।