ਨਵੀਂ ਦਿੱਲੀ: ਲੋਕ ਆਪਣੇ ਪੈਸੇ ਨੂੰ ਲੈ ਕੇ ਬੈਂਕ 'ਤੇ ਸਭ ਤੋਂ ਵੱਧ ਭਰੋਸਾ ਕਰਦੇ ਹਨ ਪਰ ਪਿਛਲੇ ਤਿੰਨ ਤੋਂ ਸਾਢੇ ਤਿੰਨ ਸਾਲ ਦੇ ਸਮੇਂ 'ਚ ਦੇਸ਼ ਦੇ ਏ.ਟੀ.ਐਮ. ਤੇ ਬੈਂਕਾਂ ਤੋਂ 14.97 ਕਰੋੜ ਨਕਲੀ ਨੋਟ ਨਿਕਲੇ ਹਨ। ਬੈਂਕਾਂ ਤੇ ਏ.ਟੀ.ਐਮ. ਤੋਂ ਨਿਕਲੇ ਨਕਲੀ ਨੋਟਾਂ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ ਹਨ, ਕਿਉਂਕਿ ਇਹ ਗੰਭੀਰ ਮਾਮਲਾ ਹੈ।

ਇੱਕ ਅੰਗਰੇਜ਼ੀ ਅਖਬਾਰ 'ਚ ਛਪੀ ਖਬਰ ਮੁਤਾਬਕ ਬੈਂਕਾਂ ਵਿੱਚੋਂ ਵੱਡੀ ਰਕਮ ਦੇ ਨਕਲੀ ਨੋਟ ਨਿਕਲੇ ਹਨ ਜਿਨ੍ਹਾਂ 'ਚ 100 ਰੁਪਏ ਦੇ 5.42 ਲੱਖ ਪੁਰਾਣੇ ਨੋਟ, ਜਿਨ੍ਹਾਂ ਦੀ ਕੀਮਤ 54.21 ਕਰੋੜ ਰੁਪਏ, 500 ਰੁਪਏ ਦੇ 8.56 ਲੱਖ ਨੋਟ, ਜਿਨ੍ਹਾਂ ਦੀ ਕੀਮਤ 42.8 ਕਰੋੜ ਰੁਪਏ ਤੇ 1000 ਦੇ 47 ਕਰੋੜ ਕੀਮਤ ਦੇ ਨਕਲੀ ਨੋਟ ਨਿਕਲੇ ਹਨ। ਮਤਲਬ ਕਿ ਕਰੀਬ 143 ਕਰੋੜ ਦੇ ਨਕਲੀ ਨੋਟ ਬੈਂਕਾਂ ਤੇ ਏ.ਟੀ.ਐਮ. ਤੋਂ ਹੀ ਨਿਕਲੇ ਹਨ।

ਇਸ ਮੁਸ਼ਕਲ ਤੋਂ ਬਚਣ ਲਈ ਆਰ.ਬੀ.ਆਈ. ਨੇ ਬੈਂਕਾਂ ਨੂੰ ਨਕਲੀ ਨੋਟ ਚੈੱਕ ਕਰਨ ਵਾਲੀ ਮਸ਼ੀਨ ਰੱਖਣ ਦਾ ਹੁਕਮ ਦਿੱਤਾ ਹੈ ਤਾਂ ਕਿ ਇਸ ਮੁਸ਼ਕਲ ਨਾਲ ਨਜਿੱਠਿਆ ਜਾਵੇ ਤੇ ਏ.ਟੀ.ਐਮ. 'ਚ ਪਾਉਣ ਤੋਂ ਪਹਿਲਾਂ ਨੋਟ ਚੈੱਕ ਕੀਤੇ ਜਾ ਸਕਣ। ਇਸ ਦੇ ਨਾਲ ਹੀ ਬੈਂਕ ਕਰਮਚਾਰੀਆਂ ਨੂੰ ਇਸ ਗੱਲ ਦੀ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਅਸਲੀ ਨਕਲੀ ਨੋਟ ਦੀ ਪਛਾਣ ਕਰ ਸਕਣ।