ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਜ਼ੀਟਲ ਪੇਮੈਂਟ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਹਨ। ਯੂ.ਪੀ. ਦੇ ਕੁਸ਼ੀਨਗਰ ਵਿੱਚ ਰੈਲੀ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਡਿਜ਼ੀਟਲ ਪੇਮੈਂਟ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਹੈ, ਬਾਰੇ ਸਮਝਾਇਆ। ਉਨ੍ਹਾਂ ਦੱਸਿਆ ਕਿ ਕਿਸ ਤਰੀਕੇ ਨਾਲ ਮੋਬਾਈਲ ਤੁਹਾਡਾ ਪਰਸ ਬਣ ਸਕਦਾ ਹੈ।
ਉਨ੍ਹਾਂ ਦਾ ਮਕਸਦ ਕੈਸ਼ਲੈੱਸ ਇੰਡੀਆ ਬਣਾਉਣਾ ਹੈ। ਇਸ ਲਈ ਪ੍ਰਧਾਨ ਮੰਤਰੀ ਨੇ ਅਖ਼ਬਾਰ ਵਿੱਚ ਆਇਆ ਇਸ਼ਤਿਹਾਰ ਵੀ ਲੋਕਾਂ ਨੂੰ ਦਿਖਾਇਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਡਿਜੀਟਲ ਬੈਂਕਿੰਗ ਦਾ ਇਸਤੇਮਾਲ ਕਰਨਾ ਹੈ। ਡਿਜੀਟਲ ਪੇਮੈਂਟ ਕਿਸ ਤਰੀਕੇ ਨਾਲ ਕਰਨੀ ਹੈ ਆਓ ਤੁਹਾਨੂੰ ਦੱਸਦੇ ਹਾਂ।
ਇਸ ਰਾਹੀਂ ਮੋਬਾਈਲ ਫ਼ੋਨ ਜਾ ਕੰਪਿਊਟਰ ਵਿੱਚ ਹੀ ਬੈਂਕਿੰਗ ਰਾਹੀ ਭੁਗਤਾਨ ਕਰਨ ਦੀ ਸੁਵਿਧਾ ਹੈ। ਭਾਵ ਤੁਸੀਂ ਆਪਣੇ ਮੋਬਾਈਲ ਦੇ ਜ਼ਰੀਏ ਹੀ ਸਬਜ਼ੀ, ਦੁੱਧ ਤੋਂ ਲੈ ਕੇ ਰੋਜ਼ਾਨਾ ਦੀ ਚੀਜ਼ਾਂ ਖ਼ਰੀਦ ਸਕਦੇ ਹੋ।
ਫ਼ਿਲਹਾਲ ਡਿਜੀਟਲ ਭੁਗਤਾਨ ਕਰੈਡਿਟ ਕਾਰਡ, ਡੈਬਿਟ ਕਾਰਡ, ਮੋਬਾਈਲ ਬੈਂਕਿੰਗ, ਮੋਬਾਈਲ ਪਰਸ ਜ਼ਰੀਏ ਹੀ ਭੁਗਤਾਨ ਕੀਤਾ ਜਾਂਦਾ ਹੈ। ਨੋਟਬੰਦੀ ਤੋਂ ਬਾਅਦ ਮੋਬਾਈਲ ਪਰਸ ਕੰਪਨੀ ਪੇਟੀਐਮ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ।
ਪੇਟੀਐਮ ਤੋਂ ਰੋਜ਼ 120 ਕਰੋੜ ਰੁਪਏ ਦਾ ਲੈਣ-ਦੇਣ ਹੋ ਰਿਹਾ ਹੈ। ਪੇਟੀਐਮ ਯੂਜ਼ਰ ਦੀ ਗਿਣਤੀ 15 ਕਰੋੜ ਪਹੁੰਚ ਚੁੱਕੀ ਹੈ। ਚਾਹ, ਗੋਲ-ਗੱਪਾ ਵਰਗੇ 10 ਲੱਖ ਛੋਟੇ ਵੱਡੇ ਦੁਕਾਨਦਾਰ ਵੀ ਪੇਟੀਐਮ ਰਾਹੀਂ ਪੈਸੇ ਲੈ ਰਹੇ ਹਨ।
ਮੋਬੀਕਵਿਕ ਵੀ ਅਜਿਹੀ ਹੀ ਕੰਪਨੀ ਹੈ ਜੋ ਨੋਟਬੰਦੀ ਤੋਂ ਬਾਅਦ ਲੋਕਾਂ ਵਿੱਚ ਪ੍ਰਸਿੱਧ ਹੋ ਰਹੀ ਹੈ। 2009 ਵਿੱਚ ਸ਼ੁਰੂ ਹੋ ਇਹ ਕੰਪਨੀ ਇਸ ਸਮੇਂ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਚਾਰ ਕਰੋੜ ਯੂਜ਼ਰ ਰੋਜ਼ਾਨਾ ਮੋਬੀਕਵਿਕ ਤੋਂ ਭੁਗਤਾਨ ਲੈ ਜਾ ਦੇ ਰਹੇ ਹਨ।
ਆਈਆਰਸੀਟੀਸੀ, ਬਿਗ ਬਾਜ਼ਾਰ ਵਰਗੀਆਂ ਛੋਟੀਆਂ ਵੱਡੀਆਂ ਢਾਈ ਲੱਖ ਕੰਪਨੀਆਂ ਇਸ ਰਾਹੀਂ ਲੈਣ-ਦੇਣ ਕਰ ਰਹੀਆਂ ਹਨ। ਪੇ-ਵਰਲਡ ਨਾਮਕ ਕੰਪਨੀ ਦੇ 10 ਕਰੋੜ ਯੂਜ਼ਰ ਹਨ। 630 ਸ਼ਹਿਰਾਂ ਦੇ ਨਾਲ-ਨਾਲ 80 ਹਜ਼ਾਰ ਪਿੰਡਾਂ ਵਿੱਚ ਵੀ ਪੇ-ਵਰਲਡ ਦੀ ਪਹੁੰਚ ਹੈ। ਨੋਟਬੰਦੀ ਬਾਅਦ ਇਸ ਕੰਪਨੀ ਦੇ ਕਾਰੋਬਾਰ 25 ਫ਼ੀਸਦੀ ਦਾ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਿਜੀਟਲ ਇੰਡੀਆ ਬਣਾਉਣ ਦਾ ਸੁਫਨਾ ਇੰਨਾ ਸੌਖਾ ਨਹੀਂ। ਦੇਸ਼ ਵਿੱਚ 65 ਫ਼ੀਸਦੀ ਲੋਕਾਂ ਕੋਲ ਮੋਬਾਈਲ ਫ਼ੋਨ ਨਹੀਂ ਹਨ। 93 ਫ਼ੀਸਦੀ ਪੇਂਡੂ ਭਾਰਤ ਕੋਲ ਕੋਈ ਡਿਜੀਟਲ ਕੂਨੈੱਕਸ਼ਨ ਨਹੀਂ ਹੈ।