ਨਵੀਂ ਦਿੱਲੀ: ਉੜੀ ਹਮਲੇ ਕਾਰਨ ਸਿੰਧੂ ਜਲ ਸਮਝੌਤਾ ਰੱਦ ਹੋ ਸਕਦਾ ਹੈ। ਅੱਜ ਦੁਪਹਿਰ 12 ਵਜੇ ਪੀ.ਐਮ. ਮੋਦੀ ਸਿੰਧੂ ਸਮਝੌਤਾ ਰੱਦ ਕਰਨ ਦੇ ਮੁੱਦੇ 'ਤੇ ਵਿਚਾਰ ਕੀਤੇ। 56 ਸਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਸਮਝੌਤਾ ਹੋਇਆ ਸੀ ਪਰ ਸਿੰਧੂ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਇੰਨਾ ਸੌਖਾ ਵੀ ਨਹੀਂ ਰਹਿਣ ਵਾਲਾ ਕਿਉਂਕਿ ਚੀਨ ਇਸ 'ਚ ਭਾਰਤ ਖਿਲਾਫ ਅੜਿੱਕਾ ਬਣ ਸਕਦਾ ਹੈ।

ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਹਰਕਤਾਂ ਦਾ ਜਵਾਬ ਦੇਣ ਲਈ ਭਾਰਤ ਨੇ ਪਲਾਨ ਤਿਆਰ ਕੀਤਾ ਹੈ। ਜੇਕਰ ਉਸ 'ਤੇ ਮੋਹਰ ਲੱਗ ਜਾਂਦੀ ਹੈ ਤਾਂ ਫਿਰ ਪਾਕਿਸਤਾਨ ਦਾ ਇਹਾ ਹਾਲ ਹੋਣ ਵਾਲਾ ਹੈ। ਦੋ ਦਿਨ ਪਹਿਲਾਂ ਮੋਦੀ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਗੱਲ ਕਹਿ ਚੁੱਕੇ ਹਨ ਤੇ ਉਸ ਦੀ ਸ਼ੁਰੂਆਤ ਸਿੰਧੂ ਨਦੀ ਦੇ ਪਾਣੀ 'ਤੇ ਬਰੇਕ ਲਾ ਕੇ ਕੀਤੀ ਜਾ ਸਕਦੀ ਹੈ। ਜੰਮੂ-ਕਸ਼ਮੀਰ ਹੁੰਦਿਆਂ ਹੋਇਆਂ ਪਾਕਿਸਤਾਨ 'ਚ ਵਹਿਣ ਵਾਲੀ ਸਿੰਧੂ ਨਦੀ ਉਥੋਂ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ। ਪਾਕਿਸਤਾਨ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦੀ ਪਿਆਸ ਇਸੇ ਤੋਂ ਬੁਝਦੀ ਹੈ। ਖੇਤੀ ਤੋਂ ਇਲਾਵਾ ਪਾਕਿਸਤਾਨ 'ਚ 10 ਹਜ਼ਾਰ ਮੈਗਾਵਾਟ ਬਿਜਲੀ ਇਸ ਤੋਂ ਹੀ ਪੈਦਾ ਹੁੰਦੀ ਹੈ।

ਦੱਸਣਯੋਗ ਹੈ ਕਿ 1960 'ਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨੀ ਸ਼ਾਸਕ ਅਯੂਬ ਖਾਨ 'ਚ ਸਮਝੌਤਾ ਹੋਇਆ ਸੀ। ਇਸ ਤਹਿਤ ਸਿੰਧੂ ਬੇਸਿਨ 'ਚ ਵੱਗਣ ਵਾਲੀਆਂ 6 ਨਦੀਆਂ 'ਚੋਂ ਸਤਲੁਜ, ਰਾਵੀ ਤੇ ਬਿਆਸ 'ਤੇ ਤਾਂ ਭਾਰਤ ਦਾ ਪੂਰਾ ਹੱਕ ਹੈ, ਉੱਥੇ ਹੀ ਪੱਛਮ 'ਚ ਸਿੰਧੂ, ਚੇਨਾਬ ਤੇ ਜੇਹਲਮ ਦੇ ਪਾਣੀ ਦਾ ਭਾਰਤ ਸੀਮਤ ਇਸਤੇਮਾਲ ਕਰ ਸਕਦਾ ਹੈ।