ਮੁੰਬਈ: ਠਾਣੇ 'ਚ ਇੱਕ ਕਾਲ ਸੈਂਟਰ ਰਾਹੀਂ ਹੋ ਰਹੀ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਮੁੰਬਈ ਪੁਲਿਸ ਅਮਰੀਕੀ ਜਾਂਚ ਏਜੰਸੀ ਐਫਬੀਆਈ ਦੀ ਮਦਦ ਲਏਗੀ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕਰੀਬ 6400 ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ। ਪੁਲਿਸ ਨੇ ਮਾਮਲੇ 'ਚ 700 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਅਦਾਲਤ ਨੇ ਮਾਮਲੇ ਦੇ ਸਾਰੇ ਮੁੱਖ ਮੁਲਜ਼ਮਾਂ ਨੂੰ 10 ਅਕਤੂਬਰ ਤੱਕ ਪੁਲਿਸ ਹਿਰਾਸਤ 'ਚ ਲਿਆ ਹੈ।


ਹੁਣ ਤੱਕ ਦੀ ਕਾਰਵਾਈ ਮੁਤਾਬਕ ਪੁਲਿਸ ਨੇ ਮਾਮਲੇ ਦੇ ਜਿਆਦਾਤਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪਰ ਇਸ ਪੂਰੇ ਗੋਰਖਧੰਦੇ ਦਾ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ। ਪੁਲਿਸ ਮੁਤਾਬਕ 9 ਕਾਲ ਸੈਂਟਰਾਂ ਦੇ ਕਰੀਬ 700 ਕਰਮਚਾਰੀਆਂ ਨੇ ਨਕਲੀ ਟੈਕਸ ਅਫ਼ਸਰ ਬਣ ਕੇ ਹਜ਼ਾਰਾਂ ਅਮਰੀਕੀਆਂ ਨਾਲ ਲੱਖਾਂ ਡਾਲਰਾਂ ਦੀ ਠੱਗੀ ਮਾਰੀ ਹੈ।

ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨ ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ। ਪਹਿਲਾਂ ਇਹ ਅਮਰੀਕੀ ਟੈਕਸ ਡਿਫਾਲਟਰਾਂ ਦੀ ਸੂਚੀ ਹਾਸਿਲ ਕਰਦੇ। ਉਸ ਤੋਂ ਬਾਅਦ ਟੈਕਸ ਅਫ਼ਸਰ ਬਣ ਕੇ ਉਨ੍ਹਾਂ ਨੂੰ ਫ਼ੋਨ 'ਤੇ ਧਮਕਾਉਂਦੇ। ਪੁਲਿਸ ਮੁਤਾਬਕ ਇਹ ਕਾਲ ਸੈਂਟਰ ਰੋਜ਼ਾਨਾ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰਦੇ ਸਨ ਅਤੇ ਇਹਨਾਂ ਦਾ ਇਹ ਧੰਦਾ ਪਿਛਲੇ ਕਰੀਬ 1 ਸਾਲ ਤੋਂ ਚੱਲ ਰਿਹਾ ਸੀ।