ਸੁਕਮਾ: ਸੁਕਮਾ ਦੇ ਤਾੜਮੇਟਲਾ ਵਿੱਚ ਸਰਚ ਕਰਨ ਨਿਕਲੇ ਜਵਾਨ ਨਕਸਲੀਆਂ ਵੱਲੋਂ ਲਾਏ ਗਏ ਆਈਈਡੀ ਦੀ ਚਪੇਟ ਵਿੱਚ ਆ ਗਏ। ਵਿਸਫੋਟ ਵਿੱਚ ਕੋਬਰਾ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਨਿਤਿਨ ਭਾਲੇਰਾਵ ਸ਼ਹੀਦ ਹੋ ਗਏ ਜਦ ਕਿ 10 ਜਵਾਨ ਜ਼ਖ਼ਮੀ ਹੋਏ। ਦੱਸ ਦਈਏ ਕਿ ਇਹ ਉਹੀ ਤਾੜਮੇਟਲਾ ਹੈ ਜਿੱਥੇ 6 ਅਪਰੈਲ, 2010 ਵਿੱਚ ਹੋਏ ਨਕਸਲੀ ਹਮਲੇ ਵਿੱਚ ਸੀਆਰਪੀਐਫ ਦੇ 76 ਜਵਾਨ ਸ਼ਹੀਦ ਹੋਏ ਸਨ। ਇਸ ਦੌਰਾਨ ਕਰੀਬ 1000 ਨਕਸਲੀਆਂ  ਵਿੱਚ 150 ਜਵਾਨ ਫਸ ਗਏ ਸਨ। ਨਕਸਲੀ ਘਟਨਾਵਾਂ ਦੇ ਲਈ ਚਰਚਾ ਵਿੱਚ ਰਹਿਣ ਵਾਲੇ ਬਸਤਰ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨਕਸਲੀ ਹਮਲਾ ਸੀ।

ਘਟਨਾ ਦੀ ਪੁਸ਼ਟੀ ਕਰਦੇ ਹੋਏ ਐਸਪੀ ਕੇਐਲ ਧਰੁਵ ਨੇ ਦੱਸਿਆ ਕਿ ਨਕਸਲੀਆਂ ਦੇ ਖ਼ਿਲਾਫ਼ ਚਲਾਏ ਜਾ ਰਹੇ ਆਪ੍ਰੇਸ਼ਨ ਦੇ ਤਹਿਤ ਸ਼ਨੀਵਾਰ ਨੂੰ ਬੁਰਕਾਪਾਲ ਕੈਂਪ ਤੋਂ ਕੋਬਰਾ 206 ਦੇ ਜਵਾਨ ਸਰਚਿੰਗ ਲਈ ਨਿਕਲੇ ਸਨ। ਦੇਰ ਸ਼ਾਮ ਵਾਪਸੀ ਦੇ ਦੌਰਾਨ ਕੈਂਪ ਤੋਂ ਕਰੀਬ 6 ਕਿਲੋਮੀਟਰ ਪਹਿਲਾਂ ਤਾੜਮੇਟਲਾ ਦੇ ਕੋਲ ਨਕਸਲੀਆਂ ਵਲੋਂ ਲਗਾਏ ਗਏ ਆਈਈਡੀ ਦੇ ਸੰਪਰਕ ਵਿਚ ਆਉਣ ਨਾਲ ਜ਼ੋਰਦਾਰ ਵਿਸਫੋਟ ਹੋ ਗਿਆ।

ਜਾਣਕਾਰੀ ਦੇ ਮੁਤਾਬਕ ਜਵਾਨਾਂ ਨੂੰ ਜ਼ਿਆਦਾ ਚੋਟਾਂ ਆਈਆਂ ਹਨ। ਜ਼ਖ਼ਮੀਆਂ ਨੂੰ ਕਾਫ਼ੀ ਮੁਸ਼ੱਕਤ ਦੇ ਬਾਅਦ ਉਥੋਂ ਕੱਢਿਆ ਗਿਆ। ਇਸ ਦੌਰਾਨ ਨਕਸਲੀਆਂ ਵੱਲੋਂ ਫਾਇਰਿੰਗ ਕਰਨ ਦੀ ਵੀ ਸੂਚਨਾ ਮਿਲ ਰਹੀ ਹੈ ਪਰ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ।

ਜਾਣਕਾਰੀ ਦੇ ਅਨੁਸਾਰ ਸਰਚਿੰਗ ਵੀ ਵਾਪਸੀ ਦੇ ਦੌਰਾਨ ਹੋਏ ਵਿਸਫੋਟ ਤੋਂ ਇਲਾਵਾ ਸਪਾਈਕ ਹੋਲ ਵਿੱਚ ਫਸਣ ਦੇ ਕਾਰਨ ਵੀ ਜਵਾਨ ਜ਼ਖ਼ਮੀ ਹੋਏ ਹਨ। ਕਰੀਬ ਮਹੀਨਾ ਭਰ ਤੋਂ  ਫੋਰਸ ਨੇ ਵੱਡੀ ਸੰਖਿਆ ਵਿੱਚ ਜੰਗਲ ਦੇ ਵਿਚਕਾਰ ਨਕਸਲੀਆਂ ਵੱਲੋਂ ਦਬਾਏ ਗਏ ਸਪਾਈਕ ਹੋਲ ਬਰਾਮਦ ਕੀਤੇ ਹਨ।ਇਸ ਵਿਚ ਲੱਕੜੀ ਦੇ ਪਾਟੇ ਵਿਚ ਲੋਹੇ ਦੀਆਂ ਬੜੀਆਂ ਬੜੀਆਂ ਨੁਕੀਲੀਆਂ ਕਿੱਲਾਂ ਲੱਗੀਆਂ ਹੁੰਦੀਆਂ ਹਨ। ਇਸ ਨੂੰ ਟੋਏ ਵਿਚ ਰੱਖ ਕੇ ਉੱਪਰੋਂ ਘਾਹ ਫੂਸ ਨਾਲ ਢੱਕ ਦਿੱਤਾ ਜਾਂਦਾ ਹੈ।