ਨਵੀਂ ਦਿੱਲੀ: ਬਾਜ਼ਾਰ ਵਿੱਚ ਛੋਟੇ ਨੋਟਾਂ ਦੀ ਕਿੱਲਤ ਦੂਰ ਕਰਨ ਲਈ ਕੇਂਦਰੀ ਰਿਜ਼ਰਵ ਬੈਂਕ ਨੇ ਸੌ ਰੁਪਏ ਦੀ ਕੀਮਤ ਦਾ ਨਵਾਂ ਨੋਟ ਜਾਰੀ ਕਰ ਦਿੱਤਾ ਹੈ। ਦਿਲ ਖਿੱਚਵੇਂ ਰੰਗ ਵਾਲਾ ਇਹ ਸੌ ਰੁਪਏ ਦਾ ਨੋਟ ਸ਼ਨੀਵਾਰ ਨੂੰ ਹੋਸ਼ੰਗਾਬਾਦ ਲੀਡ ਬੈਂਕ ਮੈਨੇਜਰ ਨੇ ਉੱਥੋਂ ਦੀ ਕਲੈਕਟਰ ਪ੍ਰਿਅੰਕਾ ਦਾਸ ਨੂੰ ਦਿਖਾਇਆ। ਆਰਬੀਆਈ ਤੋਂ ਬੈਂਕਾਂ ਦੇ ਖ਼ਜ਼ਾਨਿਆਂ ਵਿੱਚ ਇਹ ਨਵੇਂ ਨੋਟ ਭੇਜ ਦਿੱਤੇ ਹਨ, ਜੋ ਹੁਣ ਬੈਂਕਾਂ ਤੇ ਏਟੀਐਮ ਰਾਹੀਂ ਆਮ ਲੋਕਾਂ ਦੇ ਹੱਥਾਂ ਵਿੱਚ ਆ ਜਾਵੇਗਾ।


ਹਲਕੇ ਅਸਮਾਨੀ ਰੰਗ ਦਾ ਇਹ ਨੋਟ ਐਲਾਨੇ ਜਾਣ ਤੋਂ ਹੀ ਆਮ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਇਹ ਖ਼ਾਸ ਇਸ ਲਈ ਵੀ ਸੀ ਕਿ ਨੋਟਬੰਦੀ ਤੋਂ ਬਾਅਦ ਸਰਕਾਰ ਨੇ 2000, 500, 50 ਅਤੇ 10 ਰੁਪਏ ਦੇ ਨਵੇਂ ਡਿਜ਼ਾਈਨ ਤੇ ਆਕਾਰ ਵਾਲੇ ਨੋਟ ਛਾਪ ਦਿੱਤੇ ਸਨ, ਜਦਕਿ 100 ਰੁਪਏ ਦਾ ਨੋਟ ਪੁਰਾਣੀ ਦਿੱਖ ਵਾਲਾ ਸੀ।



ਇਹ ਨੋਟ ਵੀ ਨਵੀਂ ਕਰੰਸੀ ਦੇ ਬਾਕੀ ਨੋਟਾਂ ਦੇ ਵਾਂਗ ਪੁਰਾਣਿਆਂ ਦੇ ਮੁਕਾਬਲੇ ਛੋਟਾ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ 10, 50 ਅਤੇ 100 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਨਹੀਂ ਕੀਤਾ ਹੈ ਇਸ ਲਈ ਇਨ੍ਹਾਂ ਕੀਮਤਾਂ ਵਾਲੇ ਦੋਵੇਂ ਨਵੇਂ ਅਤੇ ਪੁਰਾਣੇ ਨੋਟ ਚੱਲਦੇ ਰਹਿਣਗੇ।

ਇੱਕ ਸਤੰਬਰ ਤੋਂ ਸੌ ਰੁਪਏ ਦਾ ਨਵਾਂ ਨੋਟ ਚੱਲਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਦੌਰਾਨ 100 ਰੁਪਏ ਦੇ ਨੋਟਾਂ ਦੀ ਕਮੀ ਕਾਰਨ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋ ਰਹੀ ਸੀ। ਏਟੀਐਮ ਵਿੱਚੋਂ ਸੌ ਰੁਪਏ ਦੇ ਨੋਟਾਂ ਦੀ ਕਮੀ ਹੁਣ ਬਾਜ਼ਾਰ ਵਿੱਚ ਆਏ ਇਨ੍ਹਾਂ ਨਵੇਂ ਨੋਟਾਂ ਕਾਰਨ ਦੂਰ ਹੋ ਸਕਦੀ ਹੈ।