ਨਵੀਂ ਦਿੱਲੀ: ਮੋਟਰ ਇੰਸ਼ੋਰੈਂਸ ਵਿੱਚ ਹੁਣ 15 ਲੱਖ ਰੁਪਏ ਦਾ ਐਕਸੀਡੈਂਟਲ ਕਵਰ ਮਿਲੇਗਾ। ਹਾਦਸੇ ਵਿੱਚ ਵਾਹਨ ਮਾਲਕ ਜਾਂ ਚਾਲਕ ਦੀ ਮੌਤ ਹੋਣ ਜਾਂ ਪੂਰਨ ਤੌਰ 'ਤੇ ਅਪਾਹਜ ਹੋਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਰਕਮ ਮਿਲੇਗੀ। ਇੰਸ਼ੋਰੈਂਸ ਰੈਗੂਲੇਟਰ ਆਈਆਰਡੀਏ ਨੇ ਵੀਰਵਾਰ ਨੂੰ ਬੀਮਾ ਕੰਪਨੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ।
ਕੰਪਨੀਆਂ 15 ਲੱਖ ਰੁਪਏ ਤੋਂ ਜ਼ਿਆਦਾ ਦਾ ਕਵਰ ਵੀ ਦੇ ਸਕਦੀਆਂ ਹਨ। ਨਵੇਂ ਨਿਯਮਾਂ ਮੁਤਾਬਕ ਹੁਣ ਵਾਹਨ ਦੇ ਬੀਮੇ ਲਈ 750 ਰੁਪਏ ਦਾ ਪ੍ਰੀਮੀਅਮ ਦੇਣਾ ਹੋਵੇਗਾ। ਇਸ ਵਿੱਚ ਸਾਰੇ ਤਰ੍ਹਾਂ ਦੇ ਵਾਹਨ ਸ਼ਾਮਲ ਹੋਣਗੇ। ਇੰਸ਼ੋਰੈਂਸ ਸਮੇਂ ਸਾਰੇ ਵਾਹਨ ਮਾਲਕਾਂ ਨੂੰ ਇਹ ਆਪਸ਼ਨ ਲੈਣਾ ਜ਼ਰੂਰੀ ਹੋਵੇਗਾ। ਬੀਮਾ ਕੰਪਨੀਆਂ ਚਾਹੁਣ ਤਾਂ ਵਾਹਨ ਮਾਲਕਾਂ ਤੋਂ ਵਾਧੂ ਪ੍ਰੀਮੀਅਮ ਲੈ ਕੇ 15 ਲੱਖ ਤੋਂ ਵੱਧ ਦਾ ਕਵਰ ਵੀ ਦੇ ਸਕਦੀਆਂ ਹਨ। ਹੁਣ ਤਕ ਦੁਪਹੀਆ ਵਾਹਨਾਂ ਲਈ 50 ਤੇ ਚਾਰ ਪਹੀਆ ਵਾਹਨਾਂ ਲਈ 100 ਰੁਪਏ ਦਾ ਪ੍ਰੀਮੀਅਮ ਸੀ।
ਮਦਰਾਸ ਹਾਈਕੋਰਟ ਦੇ ਅਕਤੂਬਰ 2017 ਦੇ ਫੈਸਲੇ ਤੋਂ ਬਾਅਦ ਹੁਣ ਇਰਡਾ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਕੋਰਟ ਨੇ ਇਰਡਾ ਨੂੰ ਨਿੱਜੀ ਦੁਰਘਟਨਾ ਕਵਰ ਇੱਕ ਲੱਖ ਰੁਪਏ ਤੋਂ ਵਧਾ ਕੇ ਘੱਟੋ-ਘੱਟ 15 ਲੱਖ ਰੁਪਏ ਕਰਨ ਦਾ ਹੁਕਮ ਦਿੱਤਾ ਸੀ। ਹੁਣ ਤਕ ਦੁਰਘਟਨਾ ਦਾ ਸ਼ਿਕਾਰ ਹੋਏ ਦੁਪਹੀਆ ਵਾਹਨਾਂ ਦੇ ਮਾਲਕਾਂ ਤੇ ਚਾਲਕਾਂ ਨੂੰ ਇੱਕ ਲੱਖ ਤੇ ਕਾਰਾਂ ਵਾਲਿਆਂ ਨੂੰ ਦੋ ਲੱਖ ਰੁਪਏ ਦਾ ਕਵਰ ਦੇਣਾ ਲਾਜ਼ਮੀ ਸੀ। ਜੇਕਰ ਚਾਲਕ ਕੋਲ ਲੋੜੀਂਦਾ ਡ੍ਰਾਈਵਿੰਗ ਲਾਈਸੰਸ ਨਹੀਂ ਤਾਂ ਉਹ ਬੀਮੇ 'ਤੇ ਦਾਅਵਾ ਨਹੀਂ ਕਰ ਸਕਦਾ।
ਸੜਕੀ ਆਵਾਜਾਈ ਮੰਤਰਾਲਾ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਹੁਕਮ ਦਿੱਤੇ ਸਨ ਕਿ ਹਰ ਕਾਰ ਜੀ ਜਾਣਕਾਰੀ ਸਾਂਝਾ ਕਰੇ ਜਿਸ ਦਾ ਬੀਮਾ ਹੋਇਆ ਹੋਵੇ। ਇਸ ਨਾਲ ਮੰਤਰਾਲਾ ਬਗ਼ੈਰ ਬੀਮੇ ਵਾਲੀਆਂ ਕਾਰਾਂ ਨੂੰ ਪਛਾਣੇਗਾ। ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਹਾਦਸਾਗ੍ਰਸਤ ਹੋਏ ਅਜਿਹੇ ਵਾਹਨਾਂ ਨੂੰ ਨੀਲਾਮ ਕਰਨ ਦੇ ਹੁਕਮ ਦਿੱਤੇ ਸਨ, ਜਿਨ੍ਹਾਂ ਦਾ ਬੀਮਾ ਨਹੀਂ ਹੋਇਆ ਜਾਂ ਨਵਿਆਇਆ ਨਹੀਂ ਗਿਆ। ਅਜਿਹੇ ਵਾਹਨਾਂ ਨੂੰ ਵੇਚ ਕੇ ਦੁਰਘਟਨਾ ਪੀੜਤ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।