ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਰਾਫੇਲ ਡੀਲ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। 'ਆਪ' ਨੇ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਵੱਲੋਂ ਖੁਲਾਸਾ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਪਸ਼ਟੀਕਰਨ ਦੇਣ ਜਾਂ ਅਸਤੀਫਾ। 'ਆਪ' ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਓਲਾਂਦ ਦੇ ਖੁਲਾਸੇ ਤੋਂ ਬਾਅਦ ਰਾਫੇਲ ਡੀਲ 'ਚ ਘੁਟਾਲੇ ਦੀ ਗੱਲ ਸਾਹਮਣੇ ਆਈ ਹੈ।


ਰਾਏ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ 'ਆਪ' ਸਮੇਤ ਦੂਜੇ ਸਿਆਸੀ ਦਲ ਸੰਸਦ 'ਚ ਤੇ ਦੂਜੇ ਮੰਚਾਂ 'ਤੇ ਰਾਫੇਲ ਡੀਲ 'ਚ ਘੁਟਾਲੇ ਦਾ ਮੁੱਦਾ ਚੁੱਕ ਰਹੇ ਹਨ। ਰੱਖਿਆ ਮੰਤਰੀ ਤੇ ਬੀਜੇਪੀ ਨੇਤਾ ਇਸ 'ਤੇ ਪਰਦਾ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਓਲਾਂਦ ਦੇ ਬਿਆਨ ਤੋਂ ਬਾਅਦ ਦੁਨੀਆ ਭਰ 'ਚ ਮੋਦੀ 'ਤੇ ਸਵਾਲ ਉੱਠ ਰਹੇ ਹਨ। ਅਜਿਹੇ 'ਚ ਮੋਦੀ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਜੇਕਰ ਓਲਾਂਦ ਝੂਠ ਬੋਲ ਰਹੇ ਹਨ ਤਾਂ ਪ੍ਰਧਾਨ ਮੰਤਰੀ ਨੂੰ ਇਸ ਦਾ ਮੂੰਹ-ਤੋੜ ਜਵਾਬ ਦੇਣਾ ਚਾਹੀਦਾ ਹੈ। ਜੇਕਰ ਓਲਾਂਦ ਦਾ ਬਿਆਨ ਸੱਚਾ ਹੈ ਤਾਂ ਮੋਦੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। 'ਆਪ' ਨੇਤਾ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਮੋਦੀ ਦੇ ਵਿਦੇਸ਼ ਦੌਰਿਆਂ ਦਾ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਹੀ ਲੋਕਪਾਲ ਦਾ ਗਠਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ 'ਆਪ' ਰਾਫੇਲ ਸੌਦੇ ਦੀ ਜਾਂਚ ਸੰਯੁਕਤ ਸੰਸਦੀ ਸਮਿਤੀ ਨੂੰ ਸੌਂਪਣ ਦੀ ਮੰਗ ਕਰਦੀ ਹੈ।