ਨਵੀਂ ਦਿੱਲੀ: ਪਿਛਲੇ 10 ਸਾਲਾਂ ਵਿੱਚ ਵਿਸ਼ਵ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ਵਿੱਚ ਤਾਇਨਾਤ ਫ਼ੌਜ ਦੇ 163 ਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਇਹ ਖੁਲਾਸਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਤੋਂ ਹੋਇਆ ਹੈ। ਇਨ੍ਹਾਂ ਫ਼ੌਜੀ ਜਵਾਨਾਂ ’ਚ ਛੇ ਅਧਿਕਾਰੀ ਵੀ ਸ਼ਾਮਲ ਹਨ, ਜੋ 20 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਗਲੇਸ਼ੀਅਰ ਦੀ ਪਹਿਰੇਦਾਰੀ ਕਰਦੇ ਸ਼ਹੀਦ ਹੋ ਗਏ।
ਰੱਖਿਆ ਮੰਤਰੀ ਨੇ ਇਹ ਖੁਲਾਸਾ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਕੀਤਾ। ਕਰਾਕੁਰਮ ਦੀ ਪਹਾੜੀਆਂ ’ਚ ਸਥਿਤ ਸਿਆਚਿਨ ਗਲੇਸ਼ੀਅਰ, ਜਿਸ ਨੂੰ ਵਿਸ਼ਵ ਦੇ ਸਭ ਤੋਂ ਸਿਖਰਲੇ ਫ਼ੌਜੀ ਜ਼ੋਨ ਵਜੋਂ ਜਾਣਿਆ ਜਾਂਦਾ ਹੈ, ਵਿੱਚ ਫ਼ੌਜੀਆਂ ਨੂੰ ਕਾਫ਼ੀ ਮੁਸ਼ਕਲ ਹਾਲਾਤ ਨਾਲ ਦੋ ਚਾਰ ਹੋਣਾ ਪੈਂਦਾ ਹੈ। ਸਰਦੀਆਂ ’ਚ ਬਰਫ਼ੀਲੇ ਤੂਫ਼ਾਨ ਤੇ ਢਿੱਗਾਂ ਦਾ ਡਿੱਗਣਾ ਇੱਥੇ ਆਮ ਗੱਲ ਹੈ ਤੇ ਤਾਪਮਾਨ ਮਨਫ਼ੀ 60 ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ।
ਭਾਰਤ ਤੇ ਪਾਕਿਸਤਾਨ ਲਈ ਰਣਨੀਤਕ ਪੱਖੋਂ ਅਹਿਮ ਇਸ ਗਲੇਸ਼ੀਅਰ ’ਤੇ ਦੋਵਾਂ ਮੁਲਕਾਂ ਨੇ 1984 ਤੋਂ ਆਪੋ ਆਪਣੀਆਂ ਫ਼ੌਜਾਂ ਤਾਇਨਾਤ ਕੀਤੀਆਂ ਹੋਈਆਂ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਸਾਲ 2008 ਵਿੱਚ 9 ਫ਼ੌਜੀਆਂ ਦੀ ਜਾਨ ਜਾਂਦੀ ਰਹੀ ਜਦਕਿ ਸਾਲ 2009, 2010 ਤੇ 2011 ਵਿੱਚ ਕ੍ਰਮਵਾਰ 13, 50 ਤੇ 24 ਫ਼ੌਜੀ ਡਿਊਟੀ ਦੌਰਾਨ ਸ਼ਹੀਦ ਹੋ ਗਏ। ਅਗਲੇ ਤਿੰਨ ਸਾਲਾਂ (2012 ਤੋਂ 2014) ਵਿੱਚ ਇਹ ਅੰਕੜਾ ਕ੍ਰਮਵਾਰ 12, 11 ਤੇ 8 ਸੀ। 2015 ਵਿੱਚ ਫ਼ੌਜੀਆਂ ਦੀਆਂ ਮੌਤਾਂ ਦਾ ਅੰਕੜਾ 11 ਜਦਕਿ 2016 ਤੇ 2017 ਵਿੱਚ ਕ੍ਰਮਵਾਰ 20 ਤੇ ਪੰਜ ਫ਼ੌਜੀ ਸ਼ਹੀਦ ਹੋਏ।