ਨਵੀਂ ਦਿੱਲੀ: ਜੀਐਸਟੀ ਕੌਂਸਲ ਨੇ ਆਮ ਜ਼ਰੂਰਤ ਦੀਆਂ 178 ਵਸਤਾਂ ‘ਤੇ ਟੈਕਸ ਦੀ ਦਰ ਘਟਾ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਗਲੇ ਹਫ਼ਤੇ ਘੱਟ ਹੋਣਾ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਦੀਆਂ ਕੀਮਤਾਂ 5 ਤੋਂ 15 ਫ਼ੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ। ਸਰਕਾਰ ਬਦਲਾਅ ਦੇ ਰੁਖ਼ ਵਿੱਚ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ 5 ਤੋਂ 15 ਫ਼ੀਸਦੀ ਟੈਕਸ ਸਲੈਬ ਵਾਲੀਆਂ ਚੀਜ਼ਾਂ ਵੀ ਸਸਤੀਆਂ ਹੋ ਸਕਦੀਆਂ ਹਨ।

ਇਹ ਵਸਤਾਂ ਹੋਈਆਂ ਸਸਤੀਆਂ-ਚੁਇੰਗਮ, ਚਾਕਲੇਟ, ਮੇਕਅਪ ਦਾ ਸਾਮਾਨ, ਸ਼ੇਵਿੰਗ ਤੇ ਆਫਟਰ ਸ਼ੇਵਿੰਗ ਵਸਤਾਂ, ਸ਼ੈਂਪੂ, ਡਿਓਡਰੈਂਟ, ਵਾਸ਼ਿੰਗ ਪਾਊਡਰ, ਡਿਟਰਜੈਂਟ, ਗ੍ਰੇਨਾਈਟ ਤੇ ਮਾਰਬਲ ਸਮੇਤ 178 ਵਸਤਾਂ।

ਜ਼ਿਕਰਯੋਗ ਹੈ ਕਿ ਗੁਹਾਟੀ ਵਿੱਚ ਪਿਛਲੇ ਹਫ਼ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਜੀਐਸਟੀ ਕੌਂਸਲ ਦੀ 23ਵੀਂ ਬੈਠਕ ‘ਚ ਆਮ ਜ਼ਰੂਰਤ ਦੀਆਂ 178 ਵਸਤਾਂ ‘ਤੇ ਜੀਐਸਟੀ ਦੀ ਦਰ 28 ਤੋਂ ਘਟਾ ਕੇ 18 ਫ਼ੀਸਦੀ ਕਰਨ ‘ਤੇ ਸਹਿਮਤੀ ਦਿੱਤੀ ਸੀ।

2-3 ਸਲੈਬ ਹੀ ਰਹਿ ਜਾਣਗੇ ਹੁਣ-ਸਰਕਾਰ ਨੇ ਹੁਣ ਜੀਐਸਟੀ ਸਲੈਬ ਨੂੰ ਦੋ ਜਾਂ ਤਿੰਨ ਤੱਕ ਸੀਮਤ ਕਰਨ ਉੱਤੇ ਵਿਚਾਰ ਕਰ ਰਹੀ ਹੈ।



ਨਿਯਮਾਂ ਨੂੰ ਬਣਾਇਆ ਜਾ ਰਿਹਾ ਲਚਕੀਲਾ-ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗਾਂ ਵਿੱਚ ਕਾਨੂੰਨਾਂ, ਨਿਯਮਾਂ ਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਉੱਤੇ ਫੋਕਸ ਹੋਵੇਗਾ। ਇਸ ਦੇ ਇਲਾਵਾ 28 ਫ਼ੀਸਦੀ ਟੈਕਸ ਸਲੈਬ ਦੀਆਂ ਕੁਝ ਦੂਜੀਆਂ ਚੀਜ਼ਾਂ ਨੂੰ ਵੀ ਸਸਤਾ ਕਰਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਉਦਾਹਰਨ ਲਈ ਸੀਮੈਂਟ ਤੇ ਪੇਂਟ ਵਰਗੀਆਂ ਕੁਝ ਆਈਟਮ ਉੱਤੇ ਰੇਟ ਹੁਣ ਵੀ 28 ਫ਼ੀਸਦੀ ਹੈ। ਜੇਕਰ ਇਨ੍ਹਾਂ ਦੀ ਰੇਟ ਘਟਦੇ ਹਨ ਤਾਂ ਸਰਕਾਰ ਨੂੰ 20 ਹਜ਼ਾਰ ਕਰੋੜ ਦਾ ਨੁਕਸਾਨ ਝੱਲਣਾ ਪਵੇਗਾ।



ਰੀਅਲ ਐਸਟੇਟ ਤੇ ਪੈਟਰੋਲੀਅਮ ਪ੍ਰੋਡਕਟਸ ਉੱਤੇ ਵੀ ਵਿਚਾਰ-ਰੀਅਲ ਐਸਟੇਟ ਤੇ ਪੈਟਰੋਲੀਅਮ ਪ੍ਰੋਡਕਟਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਉੱਤੇ ਵੀ ਅਗਲੀ ਮੀਟਿੰਗ ਵਿੱਚ ਕੌਂਸਲ ਵਿਚਾਰ ਕਰ ਸਕਦੀ ਹੈ। ਸਰਕਾਰ ਨੇ ਇੰਡਸਟਰੀ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰ ਇੱਕ ਗਰੁੱਪ ਬਣਾਇਆ ਹੈ ਤਾਂ ਕਿ ਇਸ ਟੈਕਸ ਸਿਸਟਮ ਦੀ ਸਮੀਖਿਆ ਕੀਤੀ ਜਾ ਸਕੇ।

50 ਸਾਮਾਨ ਹਾਲੇ ਵੀ 28 ਫ਼ੀਸਦੀ ਸਲੈਬ ਵਿੱਚ-28 ਫ਼ੀਸਦੀ ਵਾਲੇ ਸਲੈਬ ਵਿੱਚ ਏਸੀ, ਫ਼ਰਿਜ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ ਤੇ ਡਿਜੀਟਲ ਕੈਮਰੇ ਵਰਗੀਆਂ ਆਮ ਉਪਯੋਗ ਦੀਆਂ ਸਾਰੀਆਂ ਚੀਜ਼ਾਂ ਹਨ। ਇਸ ਤਰ੍ਹਾਂ ਦੀ ਕਰੀਬ 50 ਆਈਟਮਾਂ ਹਨ।