ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਨਾਲ ਗਾਂਧੀ ਪਰਿਵਾਰ ਨੂੰ ਜੋੜਣ 'ਤੇ ਸੁਖਬੀਰ ਬਾਦਲ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੰਗਿਆਂ ਵਿੱਚ ਨਿੱਜੀ ਰੂਪ ’ਚ ਕੁਝ ਕਾਂਗਰਸੀ ਲੀਡਰ ਜ਼ਰੂਰ ਸ਼ਾਮਲ ਸਨ ਪਰ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਦੀ ਲੁਕਵੇਂ ਜਾਂ ਖੁੱਲ੍ਹੇ ਤੌਰ 'ਤੇ ਕੋਈ ਹਮਾਇਤ ਨਹੀਂ ਸੀ।

ਮੁੱਖ ਮੰਤਰੀ ਕਿਹਾ ਕਿ ਜੇ ਕਿਸੇ ਕਾਂਗਰਸੀ ਦੀ ਨਿੱਜੀ ਤੌਰ 'ਤੇ ਦੰਗਿਆਂ ਵਿੱਚ ਕੋਈ ਸ਼ਮੂਲੀਅਤ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ ਤੇ ਉਸ ਨੂੰ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਮਾਮਲੇ ਵਿੱਚ ਪੂਰੀ ਕਾਂਗਰਸ ਪਾਰਟੀ ਜਾਂ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਕੋਸ਼ਿਸ਼ ਕਰਨੀ ਗੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਰਾਹੁਲ ਸਕੂਲ ਪੜ੍ਹਦੇ ਸੀ ਤੇ ਰਾਜੀਵ ਗਾਂਧੀ ਪੱਛਮੀ ਬੰਗਾਲ ਵਿੱਚ ਸਨ।

ਉਨ੍ਹਾਂ ਕਿਹਾ ਕਿ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਇਸ ਕੇਸ ਵਿੱਚ ਮਿਸਾਲ ਕਾਇਮ ਕਰ ਦਿੱਤੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਅਪਰਾਧ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਦਾ ਵੀ ਇਹੀ ਹਸ਼ਰ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਹਾਲ ਹੀ 'ਚ ਤਿੰਨ ਵੱਡੇ ਸੂਬਿਆਂ ’ਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸੁਖਬੀਰ ਬਾਦਲ ਸੰਸਦੀ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਵਿੱਚ ਕੁੱਦਣ ਲਈ ਹੱਥ-ਪੈਰ ਮਾਰ ਰਹੇ ਹਨ।

ਕੈਪਟਨ ਨੇ ਕਿਹਾ ਕਿ ਵੋਟਰਾਂ ਦਾ ਸਮਰਥਨ ਜੁਟਾਉਣ ਲਈ ਸੁਖਬੀਰ ਬਾਦਲ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖੇਡ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਇਹ ਸਭ ਬੰਦ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਦਾ ਮਾੜਾ ਹਸ਼ਰ ਹੀ ਹੋਵੇਗਾ।