ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਨੂੰ ਲੈ ਕੇ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਹੈ। ਔਰਤ ਦੀ ਕੁੱਟਮਾਰ ਕਰਦੇ ਫਰੀਦਾਬਾਦ ਪੁਲਿਸ ਕਰਮੀਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਪੰਜ ਹੈੱਡਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਤੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ।


ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਫਰੀਦਾਬਾਦ ‘ਚ ਸੋਮਵਾਰ ਨੂੰ ਇਸ ਸਬੰਧੀ ਮੁਲਜ਼ਮਾਂ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਨੇ ਹੈੱਡ ਕਾਂਸਟੇਬਲ ਬਲਦੇਵ ਤੇ ਰੋਹਿਤ ਸਮੇਤ ਪੰਜ ਨੂੰ ਮੁਅੱਲਤ ਕਰਨ ਤੇ ਐਸਪੀਓ ਕ੍ਰਿਸ਼ਨ, ਹਰਪਾਲ ਤੇ ਦਿਨੇਸ਼ ਨੂੰ ਸੇਵਾ ਤੋਂ ਹਟਾਉਣ ਦੇ ਆਦੇਸ਼ ਦਿੱਤੇ।

ਮੁਲਜ਼ਮਾਂ ਖਿਲਾਫ ਫਰੀਦਾਬਾਦ ਦੇ ਆਦਰਸ਼ ਨਗਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਪਿਛਲੇ ਸਾਲ ਅਕਤੂਬਰ ਦੀ ਹੈ, ਜਦਕਿ ਪੀੜਤ ਮਹਿਲਾ ਨੇ ਉਸੇ ਸਮੇਂ ਪਲਿਸ ‘ਚ ਰਿਪੋਰਟ ਦਰਜ ਨਹੀਂ ਕਰਵਾਈ ਸੀ।

ਪਿਛਲੇ ਕੁਝ ਦਿਨ ਪਹਿਲਾਂ ਹੀ ਘਟਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ। ਇਸ ਸਬੰਧੀ ਸੂਬਾ ਮਹਿਲਾ ਵਿਭਾਗ ਨੇ ਹਰਿਆਣਾ ਪੁਲਿਸ ਨੂੰ ਨੋਟਿਸ ਭੇਜ ਕੇ ਇਸ ਦੀ ਆਲੋਚਨਾ ਕੀਤੀ ਹੈ।